ਕੁਲਦੀਪ ਸਿੰਘ
ਚੰਡੀਗੜ੍ਹ, 2 ਸਤੰਬਰ
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਮੁਕੰਮਲ ਕਰਨ ਲਈ ਰਜਿਸਟਰਡ ਗਰੈਜੂਏਟ ਕਾਂਸਟੀਚੁਐਂਸੀ ਦੀ ਚੋਣ ਅਤੇ ਯੂਨੀਵਰਸਿਟੀ ਕੈਂਪਸ ਵਿਦਿਆਰਥੀਆਂ ਲਈ ਖੁੱਲ੍ਹਵਾਉਣ ਦੀ ਮੰਗ ਪੂਰੀ ਨਾ ਹੋਣ ਅਤੇ ਵਾਈਸ ਚਾਂਸਲਰ ਵੱਲੋਂ ਵਿਦਿਆਰਥੀਆਂ ਤੇ ਸੈਨੇਟਰਾਂ ਨਾਲ ਗੱਲਬਾਤ ਨਾ ਕਰਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਸੰਘਰਸ਼ਾਂ ਦਾ ਅਖਾੜਾ ਬਣ ਗਈ ਹੈ।
ਪਿਛਲੇ 18 ਦਿਨਾਂ ਤੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਰਵਿੰਦਰ ਧਾਲੀਵਾਲ ਸਮੇਤ ਹੋਰਨਾਂ ਵਿਦਿਆਰਥੀ ਜਥੇਬੰਦੀਆਂ ਪੀ.ਐੱਸ.ਯੂ. (ਲਲਕਾਰ), ਐੱਸ.ਐੱਫ.ਐੱਸ., ਐੱਸ.ਓ.ਆਈ., ਯੂਥ ਫਾਰ ਸਵਰਾਜ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ, ਐੱਨ.ਐੱਸ.ਯੂ.ਆਈ., ਪੂਸੂ ਅਤੇ ਆਈ.ਐੱਸ.ਏ. ਵੱਲੋਂ ਧਰਨਾ ਤਾਂ ਦਿੱਤਾ ਹੀ ਜਾ ਰਿਹਾ ਸੀ ਅਤੇ ਹੁਣ ਪ੍ਰਬੰਧਕੀ ਬਲਾਕ ਅੱਗੇ ਵੀ ਰੋਜ਼ਾਨਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅੱਜ ਇਨ੍ਹਾਂ ਜਥੇਬੰਦੀਆਂ ਦੇ ਧਰਨੇ ਨੂੰ ਸਮਰਥਨ ਦੇਣ ਆਈ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਧਰਨੇ ’ਤੇ ਬੈਠੇ ਵਿਦਿਆਰਥੀਆਂ ਨੇ ‘ਏ.ਬੀ.ਵੀ.ਪੀ. ਮੁਰਦਾਬਾਦ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਵਧ ਰਹੇ ਤਕਰਾਰ ਨੂੰ ਦੇਖ ਕੇ ਮੌਕੇ ’ਤੇ ਪਹੁੰਚੀ ਪੁਲੀਸ ਨੇ ਏ.ਬੀ.ਵੀ.ਪੀ. ਦੇ ਕਾਰਕੁਨਾਂ ਨੂੰ ਉਥੋਂ ਵੱਖਰਿਆਂ ਕਰਵਾ ਕੇ ਮਾਮਲਾ ਸ਼ਾਂਤ ਕੀਤਾ।
ਏ.ਬੀ.ਵੀ.ਪੀ. ਦੇ ਪ੍ਰਧਾਨ ਪਾਰਸ ਰਤਨ ਤੇ ਸਕੱਤਰ ਰਿਸ਼ਿਕਾ ਰਾਜ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਸਾਂਝੇ ਮਸਲਿਆਂ ਅਤੇ ਪੀ.ਯੂ. ਵਿੱਚ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਨੂੰ ਸਾਂਝੀਆਂ ਮੰਗਾਂ ਮੰਨਦੇ ਹੋਏ ਧਰਨੇ ਵਿੱਚ ਸਹਿਯੋਗ ਕਰਨ ਲਈ ਆਏ ਸਨ।
ਦੂਜੇ ਪਾਸੇ ਐੱਸ.ਐੱਫ.ਐੱਸ. ਤੋਂ ਸੰਦੀਪ, ਪੀ.ਐੱਸ.ਯੂ. (ਲਲਕਾਰ) ਤੋਂ ਅਮਨ ਸਮੇਤ ਹੋਰਨਾਂ ਜਥੇਬੰਦੀਆਂ ਦੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਭਾਜਪਾ ਦਾ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਡਰਾਮੇਬਾਜ਼ੀ ਕਰ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਇਹ ਜਥੇਬੰਦੀ ਪੰਜਾਬ ਯੂਨੀਵਰਸਿਟੀ ਵਿੱਚ ਗੌਰਮਿੰਟ ਰਿਫ਼ੌਰਮਜ਼ ਲਾਗੂ ਕਰਨ ਦੀ ਮੰਗ ਕਰਦੇ ਹੋਏ ਸੈਨੇਟ ਚੋਣਾਂ ਦਾ ਵਿਰੋਧ ਕਰ ਚੁੱਕੀ ਹੈ।
ਫੈਕਲਟੀ ਮੈਂਬਰਾਂ ਵੱਲੋਂ ਮੋਮਬੱਤੀ ਮਾਰਚ: ਪੰਜਾਬ ਯੂਨੀਵਰਸਿਟੀ ਵਿੱਚ ਬੀਤੇ ਦਿਨ ਲਾਅ ਆਡੀਟੋਰੀਅਮ ਵਿੱਚ ਵੋਟ ਪਾਉਣ ਗਏ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਖਿਲਾਫ਼ ਵਿਦਿਆਰਥੀਆਂ ਦੇ ਵਿਰੋਧ ਨੂੰ ਲੈ ਕੇ ਅੱਜ ’ਵਰਸਿਟੀ ਦੇ ਫੈਕਲਟੀ ਮੈਂਬਰਾਂ ਨੇ ਮੋਮਬੱਤੀ ਮਾਰਚ ਕੀਤਾ।
ਵਿਦਿਆਰਥੀਆਂ ਦੇ ਰੋਹ ਦੀ ਵੀਡੀਓ ਵਾਇਰਲ ਹੋਈ
ਪੀਯੂ ਦੇ ਲਾਅ ਆਡੀਟੋਰੀਅਮ ਵਿੱਚ ਬੀਤੇ ਦਿਨ ਫੈਕਲਟੀ ਚੋਣਾਂ ਲਈ ਵੋਟ ਪਾਉਣ ਲਈ ਆਏ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਦਾ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੀਤੇ ਤਿੱਖੇ ਵਿਰੋਧ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਪ੍ਰੋ. ਰਾਜ ਕੁਮਾਰ ਵਿਦਿਆਰਥੀਆਂ ਦੇ ਰੋਹ ਤੋਂ ਬਚਣ ਲਈ ਆਪਣੇ ਸਕਿਓਰਿਟੀ ਗਾਰਡ ਦੇ ਮੋਟਰਸਾਈਕਲ ਉੱਤੇ ਬੈਠ ਕੇ ਨਿਕਲਣ ਲੱਗੇ ਤਾਂ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਘਿਰਾਓ ਕੀਤਾ ਗਿਆ ਅਤੇ ਫਿਰ ਉਹ ਤੇਜ਼ੀ ਨਾਲ ਆਪਣੀ ਕਾਰ ਵਿੱਚ ਬੈਠ ਕੇ ਨਿਕਲ ਗਏ। ਵਿਦਿਆਰਥੀ ਆਗੂਆਂ ਐੱਨ.ਐੱਸ.ਯੂ.ਆਈ. ਤੋਂ ਰਾਹੁਲ ਕੁਮਾਰ, ਪੀ.ਐੱਸ.ਯੂ. ਲਲਕਾਰ ਤੋਂ ਅਮਨ ਆਦਿ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਲਈ ਨਾ ਖੋਲ੍ਹ ਕੇ ਵਿਦਿਆਰਥੀ ਦੇ ਕਰੀਅਰ ਨੂੰ ਤਬਾਹ ਕਰਨ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਦਾ ਹਰ ਜਗ੍ਹਾ ਤਿੱਖਾ ਵਿਰੋਧ ਕੀਤਾ ਜਾਵੇਗਾ।