ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ. ਨਗਰ (ਮੁਹਾਲੀ), 2 ਜੁਲਾਈ
ਇੱਥੋਂ ਦੇ ਸੈਕਟਰ 81 ਵਿੱਚ ਪੈਂਦੇ ਨੈਸ਼ਨਲ ਐਗਰੀ ਫੂਡ ਬਾਇਓ ਟੈਕਨੋਲੋਜੀ ਇੰਸਟੀਚਿਊਟ ਨੇੜਿਓਂ ਲੰਘਦੀ ਚੰਡੀਗੜ੍ਹ ਚੋਈ ਕੋਲ ਬੀਤੀ ਸ਼ਾਮ ਤੇਂਦੂਆ ਦੇਖਿਆ ਗਿਆ। ਤੇਂਦੂਆ ਉਕਤ ਸੰਸਥਾ ਦੇ ਬਾਹਰਲੇ ਖੇਤਰਾਂ ਦੀ ਨਿਗਰਾਨੀ ਲਈ ਲਗਾਏ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਇਆ, ਜਿਸ ਦਾ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਗਿਆ। ਸੰਸਥਾ ਵੱਲੋਂ ਇਸ ਸਬੰਧੀ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਇਸ ਖੇਤਰ ਦੇ ਨਾਲ ਪੈਂਦੇ ਪਿੰਡ ਮੌਲੀ ਬੈਦਵਾਨ, ਚਿੱਲਾ, ਰਾਏਪੁਰ ਖੁਰਦ ਅਤੇ ਸੈਕਟਰ 81 ਵਿੱਚ ਪੈਂਦੀਆਂ ਵਿੱਦਿਅਕ ਸੰਸਥਾਵਾਂ ਨੂੰ ਵੀ ਜਾਣਕਾਰੀ ਦਿੱਤੀ ਗਈ। ਕਈ ਪਿੰਡਾਂ ਵਿੱਚ ਰਾਤ ਨੂੰ ਇਸ ਸਬੰਧੀ ਧਾਰਮਿਕ ਸਥਾਨਾਂ ਤੋਂ ਅਨਾਊਂਸਮੈਂਟ ਵੀ ਕਰਵਾਈ ਗਈ।
ਜੰਗਲੀ ਜੀਵ ਵਿਭਾਗ ਦੇ ਸਬੰਧਤ ਖੇਤਰ ਦੇ ਰੇਂਜ ਅਫਸਰ ਬਲਵਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਅੱਜ ਇਸ ਖੇਤਰ ਦਾ ਨਿਰੀਖਣ ਕੀਤਾ। ਟੀਮ ਨੇ ਸੀਸੀਟੀਵੀ ਕੈਮਰੇ ਵੀ ਘੋਖੇ। ਟੀਮ ਮੈਂਬਰਾਂ ਨੇ ਸਬੰਧਤ ਖੇਤਰ ’ਚ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਵੀ ਮਿਲੇ ਹਨ। ਟੀਮ ਨੇ ਸੈਕਟਰ 80 ਅਤੇ 81 ਨੇੜਲੇ ਸਬੰਧਤ ਖੇਤਰ ਵਿੱਚ ਤੇਂਦੂਏ ਨੂੰ ਕਾਬੂ ਕਰਨ ਲਈ ਪਿੰਜਰਾ ਲਗਾ ਦਿੱਤਾ ਹੈ। ਰੇਂਜ ਅਫਸਰ ਬਲਵਿੰਦਰ ਸਿੰਘ ਨੇ ਆਖਿਆ ਕਿ ਜੇਕਰ ਤੇਂਦੂਆ ਸਬੰਧਤ ਖੇਤਰ ਵਿੱਚ ਹੀ ਹੋਇਆ ਤਾਂ ਪਿੰਜਰੇ ਵਿੱਚ ਕਾਬੂ ਕਰ ਲਿਆ ਜਾਵੇਗਾ। ਪਿੰਡਾਂ ਦੇ ਵਸਨੀਕਾਂ ਨੇ ਚੋਈ ਦੇ ਆਲੇ-ਦੁਆਲੇ ਦੀ ਸਫਾਈ ਕਰਾਉਣ ਦੀ ਮੰਗ ਕੀਤੀ ਹੈ।
ਡਰਨ ਵਾਲੀ ਕੋਈ ਗੱਲ ਨਹੀਂ: ਡੀਐੱਫਓ
ਮੁਹਾਲੀ ਦੇ ਜ਼ਿਲ੍ਹਾ ਜੰਗਲਾਤ ਅਧਿਕਾਰੀ ਕੁਲਰਾਜ ਸਿੰਘ ਨੇ ਕਿਹਾ ਕਿ ਤੇਂਦੂਏ ਤੋਂ ਡਰਨ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਤੇਂਦੂਆ ਬਹੁਤ ਤੇਜ਼ੀ ਨਾਲ ਇੱਕ ਤੋਂ ਦੂਜੇ ਥਾਂ ਚਲਾ ਜਾਂਦਾ ਹੈ। ਚੋਈ ਨੇੜਲੇ ਖੇਤਰ ਵਿੱਚ ਘਾਹ ਜ਼ਿਆਦਾ ਹੋਰ ਕਾਰਨ ਜੰਗਲੀ ਜੀਵ ਜੰਗਲਾਂ ਵਿੱਚੋਂ ਆ ਜਾਂਦੇ ਹਨ। ਉਨ੍ਹਾਂ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਮਿਲਣ ਦੀ ਪੁਸ਼ਟੀ ਕੀਤੀ।