ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਗਸਤ
ਇੱਥੇ ਸੈਕਟਰ-33 ਵਿੱਚ ਕੁਝ ਦਿਨਾਂ ਤੋਂ ਹੁੱਲੜਬਾਜ਼ਾਂ ਦੀ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਕੁਝ ਸ਼ਰਾਰਤੀ ਨੌਜਵਾਨ ਰਾਤ ਸਮੇਂ ਲੋਕਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਰਹੇ ਹਨ ਤੇ ਇਲਾਕੇ ’ਚ ਚੋਰੀ ਦੀਆਂ ਵਾਰਦਾਤਾਂ ਵੀ ਵਧ ਗਈਆਂ ਹਨ। ਚੋਰ ਸੈਕਟਰ-33 ਦੇ ਪਾਰਕਾਂ ਵਿੱਚ ਲੱਗੀਆਂ ਲਾਈਟਾਂ ਤੱਕ ਨੂੰ ਨਿਸ਼ਾਨਾਂ ਬਣਾ ਰਹੇ ਹਨ। ਸ਼ਹਿਰ ’ਚ ਚੋਰੀ ਦੀਆਂ ਘਟਨਾਵਾਂ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਸੈਕਟਰ-33 ਵਿੱਚ ਘਰਾਂ ਦੇ ਬਾਹਰ ਖੜ੍ਹੀਆਂ ਅੱਧਾ ਦਰਜਨ ਦੇ ਕਰੀਬ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ। ਨੌਜਵਾਨ ਕੁਝ ਗੱਡੀਆਂ ਵਿੱਚੋਂ ਸਾਮਾਨ ਵੀ ਚੋਰੀ ਕਰਕੇ ਫ਼ਰਾਰ ਹੋ ਗਏ ਹਨ। ਇਸ ਬਾਰੇ ਇਲਾਕਾ ਵਾਸੀਆਂ ਨੇ ਸਵੇਰੇ ਥਾਣਾ ਸੈਕਟਰ-34 ਦੀ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਸੈਕਟਰ-33 ਵਿੱਚ ਹੀ ਸਥਿਤ ਦੋ ਪਾਰਕਾਂ ਵਿੱਚੋਂ ਢਾਈ ਦਰਜਨ ਦੇ ਕਰੀਬ ਲਾਈਟਾਂ ਚੋਰੀ ਹੋ ਗਈਆਂ, ਜਿਸ ਕਰਕੇ ਪਾਰਕਾਂ ’ਚ ਹਨੇਰਾ ਪਸਰ ਗਿਆ। ਇਲਾਕੇ ਵਿੱਚ ਰਹਿਣ ਵਾਲੇ ਦੇਵ ਕੇ ਮਿੱਤਲ ਨੇ ਦੱਸਿਆ ਕਿ ਪਾਰਕ ’ਚ ਤੜਕੇ ਤੇ ਰਾਤ ਸਮੇਂ ਸੈਰ ਕਰਨ ਵਾਲਿਆਂ ਲਈ ਲਾਈਟਾਂ ਲਗਾ ਰੱਖੀਆਂ ਹਨ। ਲੰਘੀ ਰਾਤ ਕੋਈ ਦੋਵੇਂ ਪਾਰਕਾਂ ਵਿੱਚੋਂ ਲਾਈਟਾਂ ਚੋਰੀ ਕਰਕੇ ਫ਼ਰਾਰ ਹੋ ਗਿਆ। ਨਗਰ ਨਿਗਮ ਦੇ ਸੁਪਰਟੈਂਡੇਟ ਇੰਜਨੀਅਰਿੰਗ ਕਿਸ਼ਨਪਾਲ ਨੇ ਕਿਹਾ ਕਿ ਉਹ ਪੁਲੀਸ ਦੀ ਮਦਦ ਨਾਲ ਮਾਮਲੇ ਦੀ ਜਾਂਚ ਕਰਵਾ ਰਹੇ ਹਨ।