ਪੀਪੀ ਵਰਮਾ
ਪੰਚਕੂਲਾ, 4 ਅਪਰੈਲ
ਗ਼ਰਮੀਆਂ ਸ਼ੁਰੂ ਹੁੰਦੇ ਹੀ ਪੰਚਕੂਲਾ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਧਣ ਲੱਗੀਆਂ ਹਨ। ਪਿੰਜੌਰ-ਨਾਲਾਗੜ੍ਹ ਸੜਕ ਉੱਤੇ ਪਿੰਡ ਮੜਾਂਵਾਲਾ ਨਜ਼ਦੀਕ ਅੱਗ ਲੱਗਣ ਕਾਰਨ 42 ਤੋਂ ਵੱਧ ਝੁੱਗੀਆਂ ਸੁਆਹ ਹੋ ਗਈਆਂ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਇਸ ਅੱਗ ਉੱਤੇ ਕਾਬੂ ਪਾਇਆ। ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਰਾਜੇਸ਼ ਕੁਮਾਰ ਕੌਨਾ ਨੇ ਦੱਸਿਆ ਕਿ ਬਾਅਦ ਦੁਪਹਿਰ ਕਰੀਬ ਡੇਢ-ਦੋ ਵਜੇ ਅਚਾਨਕ ਝੁੱਗੀਆਂ ਵਿੱਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਨੂੰ ਝੁੱਗੀਆਂ ਵਿੱਚੋਂ ਆਪਣਾ ਸਾਮਾਨ ਬਾਹਰ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ। ਇਸ ਅੱਗ ਵਿੱਚ ਟਰੈਕਟਰ, ਤਿੰਨ ਬਾਈਕ, ਦੋ ਕਰਿਆਨੇ ਦੀਆਂ ਦੁਕਾਨਾਂ ਸੁਆਹ ਹੋ ਗਈਆਂ। ਸ੍ਰੀ ਕੌਨਾ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਹ ਲੋਕਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਵੇ ਤੇ ਮੁਆਵਜ਼ਾ ਦਿੱਤਾ ਜਾਵੇ।