ਪੀਪੀ ਵਰਮਾ
ਪੰਚਕੂਲਾ, 27 ਦਸੰਬਰ
ਪੰਚਕੂਲਾ ਵਿੱਚ ਅੱਜ ਨਗਰ ਨਿਗਮ ਦੇ 20 ਵਾਰਡਾਂ ਲਈ ਚੋਣਾਂ ਅਮਨ ਅਮਾਨ ਨਾਲ ਹੋਈਆਂ। ਲੋਕ ਕਰੋਨਾ ਕਾਰਨ ਭੀੜ ਤੋਂ ਬਚਣ ਦੇ ਚੱਕਰ ਵਿੱਚ ਅੱਜ ਦਿਨ ਚੜ੍ਹਦੇ ਹੀ ਵੋਟ ਪਾਉਣ ਲਈ ਪਲਿੰਗ ਬੂਥਾਂ ’ਤੇ ਪਹੁੰਚ ਗਏ, ਪਰ ਇਸ ਦੇ ਉਲਟ ਸਵੇਰੇ ਹੀ ਭੀੜ ਜ਼ਿਆਦਾ ਹੋ ਗਈ ਜਦਕਿ ਦੁਪਹਿਰ ਨੂੰ ਪੋਲਿੰਗ ਬੂਥ ਕਈ ਥਾਵਾਂ ਤੇ ਆਮ ਤੌਰ ’ਤੇ ਖਾਲੀ ਰਹੇ। ਪੁਲੀਸ ਨੇ 1400 ਮੁਲਾਜ਼ਮ ਚੋਣਾਂ ਲਈ ਤਾਇਨਾਤ ਕੀਤੇ ਹੋਏ ਸਨ। ਕਾਂਗਰਸ ਦੇ ਮੇਅਰ ਪਦ ਦੀ ਉਮੀਦਵਾਰ ਉਪਿੰਦਰ ਆਹਾਲੂਵਾਲੀਆਂ ਨੇ ਸੈਕਟਰ-20 ਦੇ ਵਿੱਚ ਪੈਂਦੇ ਪਿੰਡ ਫਤਿਹਪੁਰ ਦੇ ਸਰਕਾਰੀ ਸਕੂਲ ਦੇ ਪੋਲਿੰਗ ਬੂਥ ਵਿੱਚ ਆਪਣੀ ਵੋਟ ਪਾਈ। ਰਾਜ ਚੋਣ ਕਮਿਸ਼ਨਰ ਡਾ. ਦਲੀਪ ਸਿੰਘ ਨੇ ਪੰਚਕੂਲਾ ਨਗਰ ਨਿਗਮ ਚੋਣਾਂ ਦੇ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ ਤੇ ਚੱਲ ਰਹੀ ਚੋਣ ਪ੍ਰਕਿਰਿਆ ਦਾ ਜਾਇਜ਼ਾ ਲਿਆ ਅਤੇ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ।
ਹਰੇਕ ਵਾਰਡ ਵਿੱਚ ਇੱਕ ਸੁਪਰਵਾਈਜ਼ਰ ਤੇ 12 ਡਿਊਟੀ ਮੈਜੀਸਟ੍ਰੇਟ ਤਾਇਨਾਤ ਸਨ। ਇਸ ਤੋਂ ਇਲਾਵਾ 16 ਪੈਟਰੋਲਿੰਗ ਪਾਰਟੀਆਂ ਵੀ ਲਗਾਤਾਰ ਚੋਣ ਡਿਊਟੀ ਵਿੱਚ ਲੱਗੀਆਂ ਹੋਈਆਂ ਸਨ। ਚੋਣ ਆਬਜ਼ਰਵਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਚੋਣਾਂ ਉੱਤੇ ਪੂਰੀ ਨਿਗਰਾਨੀ ਰੱਖ ਰਹੇ ਸਨ। ਉਨ੍ਹਾਂ ਦੱਸਿਆ ਕਿ ਹਰੇਕ ਪੋਲਿੰਗ ਬੂਥ ਉੱਤੇ 5-5 ਕਰਮਚਾਰੀਆਂ ਸਮੇਤ ਪੁਲੀਸ ਮੁਲਾਜ਼ਮ ਤੇ ਹੋਮਗਾਰਡ ਦੇ ਜਵਾਨ ਵੀ ਤਾਇਨਾਤ ਸਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਐਂਬੂਲੈਂਸ ਤਿਆਰ ਸਨ। ਜਿਹਵੇ ਕੋਵਿਡ ਮਰੀਜ਼ ਵੋਟਿੰਗ ਕਰਨਾ ਚਾਹੁੰਦੇ ਸਨ ਉਹਨਾਂ ਨੂੰ ਐਬੂਲੈਂਸ ਦੁਆਰਾ ਪੂਰੇ ਇਖਤਿਆਤ ਵਰਤਦੇ ਹੋਏ ਉਨ੍ਹਾਂ ਕੋਲੋਂ ਵੋਟਾਂ ਪਵਾਈਆਂ ਗਈਆਂ। ਵੋਟਿੰਗ ਦੌਰਾਨ ਸੈਨੇਟਾਈਜੇਸ਼ਨ ਦਾ ਪੂਰਾ ਧਿਆਨ ਰੱਖਿਆ ਗਿਆ ਸੀ। ਇਸ ਗੱਲ ਦੀ ਜਾਣਕਾਰੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦਿੱਤੀ।
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਨਿਗਮ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਅੱਜ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ। ਅੰਬਾਲਾ ਵਿੱਚ ਕੁਲ ਵੋਟਾਂ 1,87,604 ਹਨ, ਜਿਨ੍ਹਾਂ ਵਿੱਚੋਂ ਅੱਜ 1,03,748 ਵੋਟਾਂ ਪਈਆਂ ਹਨ ਤੇ ਪਾਈਆਂ ਗਈਆਂ ਵੋਟਾਂ ਦੀ ਫ਼ੀਸਦ 55.3 ਬਣਦੀ ਹੈ। ਜ਼ਿਲ੍ਹਾ ਚੋਣ ਅਧਿਕਾਰੀ ਅਸ਼ੋਕ ਕੁਮਾਰ ਸ਼ਰਮਾ ਨੇ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਾਉਣ ਲਈ ਵੋਟਰਾਂ ਦਾ ਧੰਨਵਾਦ ਕੀਤਾ। ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਪੋਲਿੰਗ ਪਾਰਟੀਆਂ ਨੇ ਸੈਕਟਰ-9 ਸਥਿਤ ਓਪੀਐੱਸ ਵਿਦਿਆ ਮੰਦਿਰ ਸਕੂਲ ਵਿਚ ਸਥਾਪਤ ਸਟਰਾਂਗ ਰੂਮ ਵਿਚ ਈਵੀਐੱਮ ਅਤੇ ਚੋਣ ਸਮੱਗਰੀ ਜਮ੍ਹਾ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ। ਡੀਸੀ ਨੇ ਦੱਸਿਆ ਕਿ ਨਿਗਮ ਚੋਣਾਂ ਵਿਚ ਕੁਲ 187604 ਵੋਟਰ ਹਨ ਜਿਨ੍ਹਾਂ ਵਿਚੋਂ 97968 ਪੁਰਸ਼ ਅਤੇ 89629 ਮਹਿਲਾ ਵੋਟਰ ਹਨ। ਨਿਗਮ ਚੋਣਾਂ ਤਹਿਤ 198 ਪੋਲਿੰਗ ਬੂਥ ਬਣਾਏ ਗਏ ਸਨ। ਸੁਰੱਖਿਆ ਦੀ ਦ੍ਰਿਸ਼ਟੀ ਤੋਂ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ਤੇ ਪੁਲੀਸ ਦਾ ਪੁਖ਼ਤਾ ਪ੍ਰਬੰਧ ਕੀਤਾ ਗਿਆ ਸੀ।