ਪੀ.ਪੀ. ਵਰਮਾ
ਪੰਚਕੂਲਾ, 18 ਸਤੰਬਰ
ਇਥੋਂ ਦੇ ਸੈਕਟਰ-8 ਵਿੱਚ ਕੁਝ ਲੁਟੇਰਿਆਂ ਨੇ ਅੱਜ ਗਹਿਣਿਆਂ ਦੀ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਦੁਕਾਨ ਦੇ ਮਾਲਕ ਨੇ ਰੌਲਾ ਪਾਇਆ ਤਾਂ ਲੁਟੇਰਿਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਫ਼ਰਾਰ ਹੋ ਗਏ। ਪੰਚਕੂਲਾ ਪੁਲੀਸ ਦੇ ਡੀਸੀਪੀ ਮੋਹਿਤ ਹਾਂਡਾ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡੀਸੀਪੀ ਨੇ ਦੱਸਿਆ ਕਿ ਜਿਊਲਰ ਸੰਦੀਪ ਵਰਮਾ ਦੀ ਲਕਸ਼ਮੀ ਜਿਊਲਰਜ਼ ਨਾਂ ਦੀ ਸੈਕਟਰ-8 ਵਿੱਚ ਗਹਿਣਿਆਂ ਦੀ ਦੁਕਾਨ ਹੈ। ਸੰਦੀਪ ਆਪਣੀ ਦੁਕਾਨ ਵਿੱਚ ਬੈਠਾ ਸੀ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਲੁੱਟ-ਖੋਹ ਦੀ ਨੀਯਤ ਨਾਲ ਦੁਕਾਨ ਵਿੱਚ ਦਾਖਲ ਹੋ ਕੇ ਸੰਦੀਪ ਵਰਮਾ ’ਤੇ ਹਮਲਾ ਕਰ ਦਿੱਤਾ। ਉਸ ਦਾ ਇਲਾਜ ਸਿਵਲ ਹਸਪਤਾਲ, ਸੈਕਟਰ-6 ਵਿੱਚ ਚੱਲ ਰਿਹਾ ਹੈ। ਡੀਸੀਪੀ ਮੋਹਿਤ ਹਾਂਡਾ ਨੇ ਦੱਸਿਆ ਕਿ ਮੁਲਜ਼ਮਾਂ ਬਾਰੇ ਤਕਨੀਕੀ ਸਹਾਇਤਾ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਏਸੀਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਦੇ ਹੱਥਾਂ ਵਿੱਚ ਰਿਵਾਲਵਰ ਸੀ। ਇੱਕ ਹਮਲਾਵਰ ਨੇ ਸੰਦੀਪ ਵਰਮਾ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਦੇ ਅਕਸ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਮਾਸਕ ਪਾਏ ਹੋਏ ਸਨ ਤੇ ਉਨ੍ਹਾਂ ਦੀ ਛੇਤੀ ਹੀ ਪਛਾਣ ਕਰ ਲਈ ਜਾਵੇਗੀ।