ਹਰਜੀਤ ਸਿੰਘ
ਜ਼ੀਰਕਪੁਰ, 10 ਸਤੰਬਰ
ਇਥੋਂ ਦੇ ਬਲਟਾਣਾ ਖੇਤਰ ਵਿੱਚ ਹਰਿਆਣਾ ਵੱਲੋਂ ਆਉਣ ਵਾਲੇ ਮੀਂਹ ਦੇ ਪਾਣੀ ਨੂੰ ਰੋਕਣ ਲਈ ਕੀਤੀ ਕੰਧ ਪੰਚਕੂਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੋੜ ਦਿੱਤੀ। ਇਸਦਾ ਬਲਟਾਣਾ ਵਾਸੀਆਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਪਰ ਪੁਲੀਸ ਨਾਲ ਪਹੁੰਚੀ ਪੰਚਕੂਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੇ ਕਿਸੇ ਦੀ ਨਹੀਂ ਸੁਣੀ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਥੋਂ ਦੇ ਬਲਟਾਣਾ ਖੇਤਰ ਵਿੱਚ ਪੰਚਕੂਲਾ ਦੇ ਸੈਕਟਰ-19 ਵਾਲੇ ਪਾਸੇ ਤੋਂ ਆਉਂਦੇ ਇਕ ਬਰਸਾਤੀ ਨਾਲੇ ਵਿੱਚ ਹਰ ਮੌਨਸੂਨ ਦੌਰਾਨ ਆਉਂਦਾ ਭਾਰੀ ਪਾਣੀ ਖੇਤਰ ਵਿੱਚ ਤਬਾਹੀ ਮਚਾਉਂਦਾ ਹੈ। ਇਸ ਨੂੰ ਰੋਕਣ ਲਈ ਬਲਟਾਣਾ ਖੇਤਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਨਿਕਾਸੀ ਪ੍ਰਬੰਧ ਮਜ਼ਬੂਤ ਕਰਨ ਲਈ ਇਥੇ ਜ਼ਮੀਨਦੋਜ਼ ਪਾਈਪਾਂ ਵਿਛਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਥਾਨਕ ਲੋਕਾਂ ਦੀ ਮੰਗ ’ਤੇ ਨਗਰ ਕੌਂਸਲ ਵੱਲੋਂ ਇਥੇ ਲੱਖਾਂ ਰੁਪਏ ਦੀ ਲਾਗਤ ਨਾਲ ਪਾਣੀ ਦਾ ਓਵਰਫਲੋ ਰੋਕਣ ਲਈ ਬਰਸਾਤੀ ਨਾਲੇ ’ਤੇ ਕੰਧ ਦੀ ਉਸਾਰੀ ਕਰ ਦਿੱਤੀ ਸੀ। ਇਸਦੀ ਜਾਣਕਾਰੀ ਪੰਚਕੂਲਾ ਪ੍ਰਸ਼ਾਸਨ ਨੂੰ ਮਿਲਣ ਮਗਰੋਂ ਅੱਜ ਅਧਿਕਾਰੀ ਪੁਲੀਸ ਨਾਲ ਮੌਕੇ ’ਤੇ ਪਹੁੰਚੇ ਜਿਨ੍ਹਾਂ ਨੇ ਕੰਧ ਨੂੰ ਤੋੜ ਦਿੱਤਾ। ਇਸ ਦੌਰਾਨ ਵਾਰਡ ਦੀ ਕੌਂਸਲ ਸ਼ਿਵਾਨੀ ਗੋਇਲ ਨੇ ਲੋਕਾਂ ਨਾਲ ਭਾਰੀ ਵਿਰੋਧ ਕੀਤਾ ਪਰ ਅਧਿਕਾਰੀਆਂ ਨੇ ਕੋਈ ਪ੍ਰਵਾਹ ਨਾ ਕਰਦੇ ਹੋਏ ਕੰਧ ਨੂੰ ਤੋੜ ਦਿੱਤਾ।
ਇਸ ਦੌਰਾਨ ਮੌਕੇ ’ਤੇ ਪਹੁੰਚੇ ਪੰਚਕੂਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਦਰਤੀ ਪਾਣੀ ਦੇ ਵਹਾਅ ਵਿੱਚ ਕੋਈ ਅੜਿੱਕਾ ਨਹੀਂ ਪੈਦਾ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਕੰਧ ਨਾਲ ਪੰਚਕੂਲਾ ਦੇ ਸੈਕਟਰ-19 ਸਣੇ ਹੋਰਨਾਂ ਖੇਤਰ ਵਿੱਚ ਪਾਣੀ ਭਰਨ ਦਾ ਖਤਰਾ ਪੈਦਾ ਹੋ ਗਿਆ ਸੀ। ਦੂਜੇ ਪਾਸੇ ਵਿਰੋਧ ਕਰ ਰਹੀ ਸ਼ਿਵਾਨੀ ਗੋਇਲ ਨੇ ਕਿਹਾ ਕਿ ਹਰ ਮੌਨਸੂਨ ਦੌਰਾਨ ਇਥੇ ਪਾਣੀ ਤਬਾਹੀ ਮਚਾਉਂਦਾ ਹੈ ਜਿਸ ਨੂੰ ਰੋਕਣ ਲਈ ਇਹ ਪ੍ਰਬੰਧ ਕੀਤੇ ਗਏ ਸੀ। ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਪ੍ਰਸ਼ਾਸ਼ਨ ਵੱਲੋਂ ਕੰਧ ਤੋੜਨ ਤੋਂ ਪਹਿਲਾਂ ਕੋਈ ਅਗਾਊਂ ਜਾਣਕਾਰੀ ਨਹੀਂ ਦਿੱਤੀ।