ਪੀ.ਪੀ. ਵਰਮਾ
ਪੰਚਕੂਲਾ, 2 ਸਤੰਬਰ
ਇਥੇ ਸੈਕਟਰ-9 ਦੀ ਰੇਹੜੀ ਮਾਰਕੀਟ ਵਿੱਚ ਅੱਧੀ ਰਾਤ ਨੂੰ ਲੱਗੀ ਅੱਗ ਕਾਰਨ 128 ਤੋਂ ਵੱਧ ਰੇਹੜੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਅੱਗ ਬੁਝਾਉਣ ਲਈ ਪੰਚਕੂਲਾ, ਚੰਡੀਗੜ੍ਹ, ਡੇਰਾਬੱਸੀ ਅਤੇ ਕਾਲਕਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਉਣੀਆਂ ਪਈਆਂ। ਜਾਣਕਾਰੀ ਅਨੁਸਾਰ ਰਾਤ 12 ਵਜੇ ਤੋਂ ਸਵੇਰੇ 9 ਵਜੇ ਤੱਕ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਬੁਝਾਉਣ ਲਈ ਮੁਸ਼ੱਕਤ ਕਰਦੀਆਂ ਰਹੀਆਂ। ਫਿਲਹਾਲ ਸਪਾਰਕਿੰਗ ਨੂੰ ਹੀ ਅੱਗ ਲੱਗਣ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਇਸ ਰੇਹੜੀ ਮਾਰਕੀਟ ਵਿੱਚ ਢਾਬੇ, ਇਲੈਕਟ੍ਰਾਨਿਕ, ਭਾਂਡਿਆਂ, ਪ੍ਰਚੂਨ ਦੀਆਂ ਦੁਕਾਨਾਂ, ਗਿਫ਼ਟ ਹਾਊਸ ਤੇ ਜਨਰਲ ਸਟੋਰ ਸੁਆਹ ਵਿੱਚ ਤਬਦੀਲ ਹੋ ਗਏ। ਇਸ ਅੱਗ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਜਤਾਇਆ ਗਿਆ ਹੈ। ਮਾਰਕੀਟ ਦੇ ਆਸ-ਪਾਸ ਦੇ ਲੋਕਾਂ ਨੇ ਪੁਲੀਸ ਪ੍ਰਬੰਧਾਂ ਖ਼ਿਲਾਫ਼ ਰੋਸ ਪ੍ਰਗਟਾਇਆ ਹੈ। ਦਿਨ ਚੜ੍ਹਦੇ ਤੱਕ ਕਈ ਦੁਕਾਨਦਾਰ ਸੁਆਹ ਫਰੋਲਦੇ ਰਹੇ। ਫਾਇਰ ਅਮਲੇ ਅਨੁਸਾਰ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ 45 ਗੇੜੇ ਲੱਗੇ। ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਸ਼ਾਮ ਪੀੜਤ ਦੁਕਾਨਦਾਰਾਂ ਨੂੰ ਮਿਲਣ ਲਈ ਪਹੁੰਚੇ। ਇਸ ਮੌਕੇ ਨਿਗਮ ਮੇਅਰ ਕੁਲਭੂਸ਼ਣ ਗੋਇਲ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਮੁੱਖ ਮੰਤਰੀ ਨੇ ਦੁਕਾਨਦਾਰਾਂ ਨੂੰ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਪੰਚਕੂਲਾ ਦੇ ਡੀਸੀ ਮਹਾਵੀਰ ਕੌਸ਼ਿਕ ਵੀ ਮੁੱਖ ਮੰਤਰੀ ਨਾਲ ਮੌਜੂਦ ਸਨ।