ਪੀ. ਪੀ. ਵਰਮਾ
ਪੰਚਕੂਲਾ, 2 ਨਵੰਬਰ
ਪੰਚਕੂਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਪੰਚਾਇਤੀ ਰਾਜ ਚੋਣਾਂ ਲਈ ਅੱਜ ਵੋਟਾਂ ਪਾਉਣ ਦੀ ਪ੍ਰਕਿਰਿਆ ਅਮਨ ਨਾਲ ਨੇਪਰੇ ਚੜ੍ਹੀ। ਡਿਪਟੀ ਕਮਿਸ਼ਨਰ ਮਹਾਂਵੀਰ ਕੌਸ਼ਿਕ ਨੇ ਦੱਸਿਆ ਕਿ ਪੰਚਕੂਲਾ ਦੇ ਪਿੰਡਾਂ ਤੇ ਬਲਾਕਾਂ ਵਿੱਚ 84 ਫੀਸਦ ਮਤਦਾਨ ਹੋਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਚੁੱਕੀਆਂ ਹਨ। ਇਲਾਕੇ ਦੇ ਪਿੰਡਾਂ ਵਿੱਚ ਅੱਜ ਸਵੇਰੇ ਹੀ ਪੰਚਾਂ-ਸਰਪੰਚਾਂ ਦੀਆਂ ਚੋਣਾਂ ਨੂੰ ਲੈ ਕੇ ਪੂਰਾ ਉਤਸ਼ਾਹ ਵੇਖਿਆ ਗਿਆ। ਲੋਕ ਵੋਟਾਂ ਪਾਉਣ ਲਈ ਸਵੇਰੇ ਹੀ ਲਾਈਨਾਂ ਵਿੱਚ ਖੜ੍ਹੇ ਹੋ ਗਏ ਸਨ। ਪੰਚਕੂਲਾ ਜ਼ਿਲ੍ਹੇ ਵਿੱਚ 1,27,865 ਵੋਟਰ ਹਨ। ਵੋਟਾਂ ਪਾਉਣ ਦੀ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋਈ। ਇਸ ਵਾਰ ਪੰਚਕੂਲਾ ਵਿੱਚ ਸਰਪੰਚਾਂ ਦੀਆਂ ਚੋਣਾਂ ਲਈ ਪੀਬੀਐੱਮ ਅਤੇ ਪੰਚਾਂ ਦੀਆਂ ਚੋਣਾਂ ਲਈ ਬੈਲਟ ਪੇਪਰਾਂ ਰਾਹੀਂ ਵੋਟਾਂ ਪਾਈਆਂ ਗਈਆਂ। ਜ਼ਿਲ੍ਹੇ ਵਿੱਚ 135 ਸਰਪੰਚਾਂ ਦੀ ਚੋਣ ਹੋਣੀ ਸੀ ਜਦਕਿ 15 ਸਰਪੰਚਾਂ ਨੂੰ ਨਿਰਵਿਰੋਧ ਚੁਣਿਆ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮਹਾਂਵੀਰ ਕੌਸ਼ਿਕ ਨੇ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਪਾਉਣ ਦਾ ਕੰਮ ਜ਼ਿਲ੍ਹੇ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਿਆ ਕਿਉਂਕਿ ਪ੍ਰਸ਼ਾਸਨ ਨੇ ਚੋਣਾਂ ਨੂੰ ਲੈ ਕੇ ਸਾਰਥਕ ਪ੍ਰਬੰਧ ਕੀਤੇ ਹੋਏ ਸਨ। ਪੰਚਕੂਲਾ ਦੇ ਚਾਰ ਬਲਾਕਾਂ ਪਿੰਜੌਰ, ਮੋਰਨੀ, ਰਾਏਪੁਰਰਾਣੀ ਅਤੇ ਬਰਵਾਲਾ ਬਲਾਕ ਵਿੱਚ ਪੰਚਾਂ-ਸਰਪੰਚਾਂ ਦੀਆਂ ਚੋਣਾਂ ਹੋਈਆਂ। ਡਿਪਟੀ ਕਮਿਸ਼ਨਰ ਮਹਾਂਵੀਰ ਕੌਸ਼ਿਕ ਨੇ ਦੱਸਿਆ ਕਿ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ਾਮ 6 ਵਜੇ ਖਤਮ ਹੋਈ।