ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 17 ਦਸੰਬਰ
ਪੰਚਾਇਤ ਵਿਭਾਗ ਦੇ ਬੀਡੀਪੀਓਜ਼ ਅਤੇ ਡੀਡੀਪੀੳਜ਼ ਦੀ ਤਿੰਨ ਦਿਨਾਂ ਤੋਂ ਚੱਲ ਰਹੀ ਹੜਤਾਲ ਵਿਰੁੱਧ ਪੰਚਾਇਤ ਵਿਭਾਗ ਨੇ ਸਖਤ ਰੁਖ ਅਪਣਾ ਲਿਆ ਹੈ। ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ ਨੇ ਦੇਰ ਸ਼ਾਮ ਜਾਰੀ ਨਿਰਦੇਸ਼ਾਂ ਤਹਿਤ ਪੰਜਾਬ ਭਰ ਵਿੱਚ 59 ਦੇ ਕਰੀਬ ਬਲਾਕਾਂ ਦੇ ਬੀਡੀਪੀਓਜ਼ ਦੇ ਚਾਰਜ ਐਸਈਪੀਓ, ਲੇਖਾਕਾਰਾਂ ਅਤੇ ਪੰਚਾਇਤ ਅਫ਼ਸਰਾਂ ਨੂੰ ਸੌਂਪ ਦਿੱਤੇ ਹਨ। ਪੰਚਾਇਤ ਵਿਭਾਗ ਵੱਲੋਂ ਤਕਰੀਬਨ ਉਨ੍ਹਾਂ ਬਲਾਕਾਂ ਦੇ ਚਾਰਜ ਹੀ ਹੋਰਨਾਂ ਕਰਮਚਾਰੀਆਂ ਨੂੰ ਦਿੱਤੇ ਗਏ ਹਨ, ਜਿਨ੍ਹਾਂ ਬਲਾਕਾਂ ਦੇ ਬੀਡੀਪੀਓ ਹੜਤਾਲ ਉੱਤੇ ਚੱਲ ਰਹੇ ਹਨ। ਯੂਨੀਅਨ ਦੇ ਇੱਕ ਹੋਰ ਮੋਹਰੀ ਆਗੂ ਤੇ ਮੁਹਾਲੀ ਦੇ ਡੀਡੀਪੀਓ ਸੁਖਚੈਨ ਸਿੰਘ ਦੀ ਮੁਹਾਲੀ ਤੋਂ ਫਾਜ਼ਲਿਕਾ ਦੀ ਬਦਲੀ ਕਰ ਦਿੱਤੀ ਗਈ ਹੈ। ਉਨ੍ਹਾਂ ਦੀ ਥਾਂ ਲੁਧਿਆਣਾ ਦੇ ਜ਼ਿਲ੍ਹਾ ਪਰਿਸ਼ਦ ਦੇ ਸਕੱਤਰ ਬਲਜਿੰਦਰ ਸਿੰਘ ਗਰੇਵਾਲ ਨੂੰ ਮੁਹਾਲੀ ਦਾ ਡੀਡੀਪੀਓ ਲਾਇਆ ਹੈ। ਬੀਡੀਪੀਓ ਯੂਨੀਅਨ ਦੀ ਸੂਬਾ ਪ੍ਰਧਾਨ ਨਵਦੀਪ ਕੌਰ ਨੂੰ ਜਲੰਧਰ ਤੋਂ ਖੂਹੀਆਂ ਸਰਵਰ ਬਦਲ ਦਿੱਤਾ ਗਿਆ ਹੈ। ਜਿਨ੍ਹਾਂ ਬੀਡੀਪੀਓਜ਼ ਦੇ ਚਾਰਜ ਦੂਜੇ ਕਰਮਚਾਰੀਆਂ ਨੂੰ ਸੌਂਪੇ ਗਏ ਹਨ ਉਨ੍ਹਾਂ ਨੂੰ ਮੁਹਾਲੀ ਦੇ ਮੁੱਖ ਦਫ਼ਤਰ ਵਿਖੇ ਹਾਜ਼ਰੀ ਦੇਣ ਲਈ ਕਿਹਾ ਗਿਆ ਹੈ। ਇਸੇ ਦੌਰਾਨ ਬੀਡੀਪੀਓ ਐਸੋਸੀਏਸ਼ਨ ਦੀ ਪ੍ਰਧਾਨ ਨਵਦੀਪ ਕੌਰ ਨੇ ਆਖਿਆ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ ਪਰ ਸਰਕਾਰ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ।