ਕਰਮਜੀਤ ਸਿੰਘ ਚਿੱਲਾ
ਬਨੂੜ, 13 ਮਈ
ਪਿੰਡ ਖੇੜਾ ਗੱਜੂ ਵਿੱਚ ਪੰਚਾਇਤ ਵੱਲੋਂ ਕੁੱਝ ਸਮਾਂ ਪਹਿਲਾਂ ਬਣਾਈ ਗਈ ਇੰਟਰਲਾਕ ਗਲੀ ਵਿਵਾਦਾਂ ਵਿੱਚ ਘਿਰ ਗਈ ਹੈ। ਪਿੰਡ ਦੇ ਅੱਧੀ ਦਰਜਨ ਦੇ ਕਰੀਬ ਵਸਨੀਕਾਂ ਨੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਸ਼ਿਕਾਇਤ ਸੌਂਪੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਇਹ ਗਲੀ ਪ੍ਰਾਈਵੇਟ ਕਲੋਨਾਈਜ਼ਰ ਵੱਲੋਂ ਕੱਟੀ ਗਈ ਕਲੋਨੀ ਵਿੱਚ ਬਣਾਈ ਗਈ ਹੈ। ਪੰਚਾਇਤ ਵਿਭਾਗ ਦੇ ਡਾਇਰੈਕਟਰ ਵੱਲੋਂ ਵਿਭਾਗ ਦੇ ਜੁਆਇੰਟ ਡਾਇਰੈਕਟਰ ਸੰਜੀਵ ਗਰਗ ਨੂੰ ਸਮੁੱਚੇ ਮਾਮਲੇ ਦੀ ਪੜਤਾਲ ਸੌਂਪੀ ਗਈ ਹੈ।
ਸਾਬਕਾ ਸਰਪੰਚ ਅਸ਼ੋਕ ਕੁਮਾਰ, ਰਾਜ ਕੁਮਾਰ, ਰਾਜੇਸ਼ ਕੁਮਾਰ, ਰਵਿੰਦਰ ਕੁਮਾਰ ਆਦਿ ਨੇ ਸ਼ਿਕਾਇਤ ਵਿੱਚ ਦੱਸਿਆ ਕਿ 31 ਪਲਾਟਾਂ ਵਾਲੀ ਇਹ ਕਲੋਨੀ ਪਿੰਡ ਤੋਂ ਬਾਹਰ ਕੱਟੀ ਗਈ ਹੈ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਵਿੱਚ ਇਸ ਜ਼ਮੀਨ ਦੀ ਮਲਕੀਅਤ ਪ੍ਰਾਈਵੇਟ ਵਿਅਕਤੀਆਂ ਦੇ ਨਾਮ ਹੈ ਤੇ ਪੰਚਾਇਤ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪੰਚਾਇਤ ਨੇ ਲੱਖਾਂ ਦੀ ਰਾਸ਼ੀ ਖਰਚ ਕੇ ਕਲੋਨੀ ਵਿੱਚ ਗਲੀ ਬਣਾਈ ਹੈ।
ਉਨ੍ਹਾਂ ਕਿਹਾ ਕਿ ਸਬੰਧਤ ਕਲੋਨਾਈਜ਼ਰ ਵੱਲੋਂ ਪੰਚਾਇਤ ਕੋਲ ਗਲੀ ਬਣਾਉਣ ਲਈ ਕੋਈ ਫ਼ੰਡ ਵੀ ਨਹੀਂ ਦਿੱਤਾ ਗਿਆ ਸੀ ਤੇ ਪੰਚਾਇਤ ਨੇ ਸਰਕਾਰੀ ਗਰਾਂਟ ਦੀ ਹੀ ਵਰਤੋਂ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਕਰਾਈ ਜਾਵੇ ਅਤੇ ਪ੍ਰਾਈਵੇਟ ਕਲੋਨੀ ਵਿੱਚ ਸਰਕਾਰੀ ਗਰਾਂਟ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਪ੍ਰਾਈਵੇਟ ਕਲੋਨੀ ਵਿੱਚ ਉਸਾਰੀ ਗਈ ਗਲੀ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਗਲੀ ਲਈ ਕਾਂਗਰਸ ਸਰਕਾਰ ਵੇਲੇ ਗਰਾਂਟ ਮਿਲੀ ਸੀ: ਸਰਪੰਚ
ਪਿੰਡ ਦੇ ਸਰਪੰਚ ਰੋਹਿਤ ਕੁਮਾਰ ਨੇ ਦੱਸਿਆ ਕਿ ਇਸ ਗਲੀ ਉੱਤੇ ਤਿੰਨ ਲੱਖ ਦੀ ਰਾਸ਼ੀ ਖਰਚ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਇਹ ਗਰਾਂਟ ਸਬੰਧਤ ਗਲੀ ਲਈ ਆਈ ਸੀ। ਉਨ੍ਹਾਂ ਕਿਹਾ ਕਿ ਗਰਾਂਟ ਦੇ ਨਾਲ ਇਹ ਇੰਦਰਾਜ਼ ਦਰਜ ਸੀ ਕਿ ਇਸ ਥਾਂ ਗਲੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਉਸੇ ਤਹਿਤ ਇਸ ਗਲੀ ਦੀ ਉਸਾਰੀ ਕਰਾਈ ਗਈ ਹੈ। ਇਸੇ ਦੌਰਾਨ ਰਾਜਪੁਰਾ ਦੀ ਬੀਡੀਪੀਓ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਉਨ੍ਹਾਂ ਕੋਲ ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਗਰਾਂਟ ਪ੍ਰਾਈਵੇਟ ਕਲੋਨੀ ਵਿੱਚ ਉਦੋਂ ਹੀ ਲੱਗ ਸਕਦੀ ਹੈ, ਜਦੋਂ ਕਲੋਨੀ ਵੱਲੋਂ ਸਬੰਧਤ ਥਾਂ ਨੂੰ ਪੰਚਾਇਤ ਨੂੰ ਸੌਂਪਿਆ ਜਾਵੇ ਅਤੇ ਉਹ ਪੰਚਾਇਤ ਦੀ ਪ੍ਰਾਪਰਟੀ ਬਣ ਜਾਵੇ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ।