ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 28 ਜੂਨ
ਇੱਥੋਂ ਦੇ ਫੇਜ਼-6 ਸਥਿਤ ਦਾਰਾ ਸਟੂਡੀਓ ਦੇ ਪਿਛਲੇ ਪਾਸੇ ਪੈਂਦੇ ਪਿੰਡ ਬੜਮਾਜਰਾ ਵਿੱਚ ਇਕ ਵਿਅਕਤੀ ਨੂੰ ਘਰ ਦੇ ਬਾਹਰ ਗਲੀ ਵਿੱਚ ਸ਼ਰ੍ਹੇਆਮ ਪਿਸ਼ਾਬ ਕਰਨ ਤੋਂ ਰੋਕਣਾ ਮਹਿੰਗਾ ਪੈ ਗਿਆ। ਸ਼ਰਾਬ ਦੇ ਨਸ਼ੇ ਵਿੱਚ ਟੱਲੀ ਕਈ ਵਿਅਕਤੀਆਂ ਨੇ ਚਾਕੂ ਅਤੇ ਇੱਟਾਂ ਮਾਰ ਕੇ ਕਿਰਾਏਦਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੰਜੇ ਯਾਦਵ (35) ਵਜੋਂ ਹੋਈ ਹੈ। ਉਹ ਪੇਂਟਰ ਦਾ ਕੰਮ ਕਰਦਾ ਸੀ ਅਤੇ ਮੁਹਾਲੀ ਦੀ ਜੂਹ ਵਿੱਚ ਪਿੰਡ ਬੜਮਾਜਰਾ ਵਿੱਚ ਆਪਣੀ ਪਤਨੀ ਉਰਮਿਲਾ ਦੇਵੀ ਅਤੇ ਛੇ ਸਾਲ ਦੀ ਬੇਟੀ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਘਟਨਾ ਲੰਘੀ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸੰਜੇ ਯਾਦਵ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਛੱਤ ’ਤੇ ਸੁੱਤਾ ਹੋਇਆ ਸੀ। ਰਾਤ ਨੂੰ ਕਰੀਬ ਸਾਢੇ 11 ਵਜੇ ਉਹ ਥੱਲੇ ਆਇਆ ਤਾਂ ਉਸ ਨੇ ਦੇਖਿਆ ਕਿ ਦੋ ਤਿੰਨ ਵਿਅਕਤੀ ਗਲੀ ਵਿੱਚ ਪਿਸ਼ਾਬ ਕਰ ਰਹੇ ਸੀ। ਸੰਜੇ ਵੱਲੋਂ ਉਨ੍ਹਾਂ ਨੂੰ ਜਨਤਕ ਥਾਂ ’ਤੇ ਪਿਸ਼ਾਬ ਕਰਨ ਤੋਂ ਰੋਕਣ ’ਤੇ ਉਹ ਗੁੱਸੇ ਵਿੱਚ ਲਾਲ ਪੀਲੇ ਹੋ ਗਏ ਅਤੇ ਉਸ ਨਾਲ ਝਗੜਾ ਕਰਨ ਲੱਗ ਪਏ। ਹਾਲਾਂਕਿ ਉਦੋਂ ਉਹ ਉੱਥੋਂ ਵਾਪਸ ਚਲੇ ਗਏ ਸੀ ਪ੍ਰੰਤੂ ਕੁਝ ਦੇਰ ਬਾਅਦ ਦੁਬਾਰਾ ਆਪਣੇ ਕੁਝ ਜਾਣਕਾਰਾਂ ਨਾਲ ਉੱਥੇ ਆਏ ਅਤੇ ਸੰਜੇ ਯਾਦਵ ਨੂੰ ਘਰ ’ਚੋਂ ਬਾਹਰ ਸੱਦ ਕੇ ਉਸ ’ਤੇ ਚਾਕੂ ਅਤੇ ਸਿਰ ਵਿੱਚ ਇੱਟਾਂ/ਪੱਥਰ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਮੁਹੱਲੇ ਦੇ ਲੋਕਾਂ ਨੇ ਖੂਨ ਨਾਲ ਲੱਥ-ਪੱਥ ਸੰਜੇ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਘਟਨਾ ਵਾਲੀ ਥਾਂ ’ਤੇ ਕਾਫ਼ੀ ਦੂਰ ਤੱਕ ਖੂਨ ਪਿਆ ਸੀ। ਡਾਕਟਰਾਂ ਨੇ ਪੁਲੀਸ ਨੂੰ ਪੇਂਟਰ ਦੇ ਕਤਲ ਸਬੰਧੀ ਰੁੱਕਾ ਭੇਜਿਆ ਗਿਆ।
ਉੁਧਰ, ਸੂਚਨਾ ਮਿਲਦੇ ਹੀ ਬਲੌਂਗੀ ਥਾਣੇ ਦੇ ਐਸਐਚਓ ਅਮਰਦੀਪ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਡੀਐਸਪੀ ਪਾਲ ਸਿੰਘ ਨੇ ਵੀ ਘਟਨਾ ਦਾ ਜਾਇਜ਼ਾ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਉਰਮਿਲਾ ਦੇਵੀ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਬੜਮਾਜਰਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਘਟਨਾ ਵਾਲੀ ਥਾਂ ਦੇ ਨੇੜੇ ਵੀ ਇਕ ਸੀਸੀਟੀਵੀ ਕੈਮਰੇ ਲੱਗਾ ਹੋਇਆ ਹੈ ਪ੍ਰੰਤੂ ਉਸ ਵਿੱਚ ਕੁੱਝ ਵੀ ਸਾਫ਼ ਦਿਖਾਈ ਨਹੀਂ ਦੇ ਰਿਹਾ। ਮੁਹਾਲੀ ਦੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦਾ ਰੂਟ ਪਲਾਨ ਤਿਆਰ ਕੀਤਾ ਜਾ ਰਿਹਾ ਹੈ।
ਕੀ ਕਹਿੰਦੇ ਨੇ ਐੱਸਐੱਚਓ
ਬਲੌਂਗੀ ਥਾਣਾ ਦੇ ਐਸਐਚਓ ਅਮਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਜੇ ਯਾਦਵ ਪੋਸਟ ਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਚਲ ਸਕੇਗਾ। ਮ੍ਰਿਤਕ ਪੇਂਟਰ ਦੀ ਪਤਨੀ ਉਰਮਿਲਾ ਦੇਵੀ ਨੇ ਦੱਸਿਆ ਕਿ ਰਾਤ ਉਸ ਦੇ ਪਤੀ ਨਾਲ ਝਗੜ ਰਹੇ ਵਿਅਕਤੀਆਂ ਨੇ ਉਸ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਉਹ ਪਿੱਛੋਂ ਗੋਰਖਪੁਰ (ਯੂਪੀ) ਦੇ ਰਹਿਣ ਵਾਲੇ ਹਨ ਅਤੇ ਪਿਛਲੇ 10 ਸਾਲਾਂ ਤੋਂ ਬੜਮਾਜਰਾ ਵਿੱਚ ਕਿਰਾਏ ’ਤੇ ਰਹਿ ਰਹੇ ਹਨ।
ਕੁੱਟਮਾਰ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਪੰਚਕੂਲਾ (ਪੀਪੀ ਵਰਮਾ): ਪਿੰਡ ਮੌਲੀ ਨਿਵਾਸੀ ਊਧਮ ਸਿੰਘ ਸਮੇਤ ਦਿਲ ਦੇ ਮਰੀਜ਼ ਦੀ ਕੁੱਟਮਾਰ ਦੇ ਦੋਸ਼ ਹੇਠ ਥਾਣਾ ਰਾਏਪੁਰਰਾਣੀ ਵਿੱਚ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਓਮਬੀਰ, ਸੁਖਬੀਰ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਸ਼ਿਕਾਇਤ ਕਰਨ ਵਾਲੇ ਊਧਮ ਸਿੰਘ ਨੇ ਦੱਸਿਆ ਕਿ ਉਸ ਦਾ ਘਰ ਖੇੜੇ ਕੋਲ ਹੈ। ਘਰ ਦੇ ਸਾਹਮਣੇ ਇੱਕ ਸਲੈਬ ਹੈ। ਮੁਲਜ਼ਮ ਓਮਬੀਰ ਨੂੰ ਟਰਾਲੀ ਸਲੈਬ ’ਤੇ ਚੜਾਊਣ ਤੋਂ ਰੋਕਿਆ ਤਾਂ ਉਹ ਬਹਿਸ ਕਰਨ ਲੱਗ ਪਿਆ ਤੇ ਆਪਣੇ ਲੜਕਿਆਂ ਨੂੰ ਬੁਲਾ ਲਿਆ। ਉਨ੍ਹਾਂ ਨਾਲ ਹੋਰ ਵੀ ਕੁਝ ਲੋਕ ਸਨ, ਜਿਹੜੇ ਡੰਡੇ ਆਦਿ ਲੈ ਕੇ ਆਏ। ਮੁਲਜ਼ਮਾਂ ਨੇ ਆਉਂਦੇ ਹੀ ਸ਼ਿਕਾਇਤ ਕਰਤਾ ’ਤੇ ਹਮਲਾ ਕਰ ਦਿੱਤਾ।