ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 1 ਜੁਲਾਈ
ਬਲੌਂਗੀ ਪੁਲੀਸ ਨੇ ਨਜ਼ਦੀਕੀ ਪਿੰਡ ਬੜਮਾਜਰਾ ਵਿੱਚ ਪੇਂਟਰ ਸੰਜੇ ਯਾਦਵ (35) ਦੇ ਕਤਲ ਦੀ ਗੁੱਥੀ ਨੂੰ 72 ਘੰਟਿਆਂ ਵਿੱਚ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦਾ ਖੁਲਾਸਾ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮਨੋਜ ਕੁਮਾਰ ਵਾਸੀ ਬਲੌਂਗੀ, ਪਰਦੀਪ ਕੁਮਾਰ ਉਰਫ਼ ਕੱਲੂ ਵਾਸੀ ਫੇਜ਼-1 ਅਤੇ ਰਾਜ ਕੁਮਾਰ ਵਾਸੀ ਮਦਨਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਊਨ੍ਹਾਂ ਦੱਸਿਆ ਕਿ ਬੀਤੀ 27 ਜੂਨ ਦੀ ਰਾਤ ਨੂੰ ਪੇਂਟਰ ਸੰਜੇ ਯਾਦਵ ਨੇ ਮੁਲਜ਼ਮਾਂ ਨੂੰ ਗਲੀ ਵਿੱਚ ਪਿਸ਼ਾਬ ਕਰਨ ਤੋਂ ਰੋਕਣ ਦਾ ਯਤਨ ਕੀਤਾ ਸੀ ਪਰ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚਾਕੂ ਅਤੇ ਸਿਰ ਵਿੱਚ ਇੱਟਾਂ ਮਾਰ ਕੇ ਸੰਜੇ ਯਾਦਵ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਸੰਜੇ ਦੀ ਪਤਨੀ ਉਰਮਿਲਾ ਦੇਵੀ ਦੀ ਸ਼ਿਕਾਇਤ ’ਤੇ ਧਾਰਾ 302, 450, 148 ਤੇ 149 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਥਾਣਾ ਮੁਖੀ ਅਮਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਵਾਰਦਾਤ ਲਈ ਵਰਤਿਆਂ ਚਾਕੂ ਅਤੇ ਇੱਟਾਂ ਬਰਾਮਦ ਕਰ ਲਈਆਂ ਹਨ ਅਤੇ ਇਕ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨੋਜ ਬਲੌਂਗੀ ਵਿੱਚ ਰਹਿੰਦਾ ਹੈ ਅਤੇ ਬੜਮਾਜਰਾ ਤੇ ਨੇੜਲੇ ਇਲਾਕਿਆਂ ਵਿੱਚ ਗੈਸ ਸਿਲੰਡਰ ਸਪਲਾਈ ਕਰਦਾ ਹੈ। ਰਾਜ ਕੁਮਾਰ ਦੀ ਮਾਂ ਪਿੰਡ ਮਦਨਪੁਰਾ ਵਿੱਚ ਰਹਿੰਦੀ ਹੈ ਪਰ ਉਹ ਜ਼ਿਆਦਾਤਰ ਆਪਣੇ ਦੋਸਤਾਂ ਕੋਲ ਹੀ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮਾਂ ਨੂੰ ਵੀ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਨ੍ਹਾਂ ਦੇ ਖ਼ਿਲਾਫ਼ ਚੰਡੀਗੜ੍ਹ ਵਿੱਚ ਵੀ ਲੜਾਈ ਝਗੜਾ ਕਰਨ ਦੇ ਕੇਸ ਦਰਜ ਹਨ। ਥਾਣਾ ਮੁਖੀ ਨੇ ਦੱਸਿਆ ਕਿ ਅਦਾਲਤ ਨੇ ਮੁਲਜ਼ਮਾਂ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਪੁਲੀਸ ਅਨੁਸਾਰ ਮੁਲਜ਼ਮਾਂ ਨੇ ਪੇਂਟਰ ਦੀ ਲੱਤ ’ਤੇ ਚਾਕੂ ਨਾਲ ਏਨੇ ਵਾਰ ਕੀਤੇ ਕਿ ਉਸ ਦੇ ਪੱਟ ਦੀ ਅਹਿਮ ਨਸ ਕੱਟੀ ਗਈ ਅਤੇ ਸਿਰ ਵਿੱਚ ਇੱਟਾਂ ਮਾਰ ਮਾਰ ਕੇ ਖੋਪੜੀ ਦੋਫਾੜ ਕਰ ਦਿੱਤੀ ਸੀ।
ਇਸ ਕਾਰਨ ਉਸ ਦੇ ਸਰੀਰ ’ਚੋਂ ਲਗਭਗ ਸਾਰਾ ਖੂਨ ਵਹਿ ਗਿਆ ਅਤੇ ਉਸ ਦੀ ਮੌਤ ਹੋ ਗਈ। ਉਹ ਪਿੱਛੋਂ ਗੋਰਖਪੁਰ (ਯੂਪੀ) ਦਾ ਰਹਿਣ ਵਾਲਾ ਸੀ ਅਤੇ ਪਿਛਲੇ 10 ਸਾਲਾਂ ਤੋਂ ਆਪਣੀ ਪਤਨੀ ਉਰਮਿਲਾ ਦੇਵੀ ਅਤੇ ਛੇ ਸਾਲ ਦੀ ਬੇਟੀ ਨਾਲ ਬੜਮਾਜਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।
ਅੱਠ ਵਿੱਚੋਂ ਛੇ ਮੁਲਜ਼ਮਾਂ ਦੀ ਹੋਈ ਸ਼ਨਾਖਤ
ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਮੁਹਾਲੀ ਦੇ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਐੱਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਅਤੇ ਡੀਐੱਸਪੀ ਪਾਲ ਸਿੰਘ ਦੀ ਨਿਗਰਾਨੀ ਹੇਠ ਬਲੌਂਗੀ ਥਾਣਾ ਦੇ ਐੱਸਐਚਓ ਇੰਸਪੈਕਟਰ ਅਮਰਦੀਪ ਸਿੰਘ, ਵਧੀਕ ਐੱਸਐੱਚਓ ਨਿਸ਼ਾਨ ਸਿੰਘ ਅਤੇ ਏਐੱਸਆਈ ਕੇਵਲ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਗਈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੇਂਟਰ ਦੀ ਹੱਤਿਆ ਕਰਨ ਲਈ ਅੱਠ ਵਿਅਕਤੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਸਨ ਜਿਨ੍ਹਾਂ ’ਚੋਂ ਛੇ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਗਈ। ਇਨ੍ਹਾਂ ਵਿੱਚ ਮਨੋਜ ਕੁਮਾਰ, ਪਰਦੀਪ ਕੁਮਾਰ, ਰਾਜ ਕੁਮਾਰ, ਬਲਵੰਤ, ਰੋਹਤਾਸ ਉਰਫ਼ ਭਾਯਾ ਅਤੇ ਚੰਦੂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਕਤਲ ਮਾਮਲੇ ਵਿੱਚ ਨਾਮਜ਼ਦ ਕਰਦਿਆਂ ਪੁਲੀਸ ਨੇ ਤਿੰਨ ਮੁਲਜ਼ਮਾਂ ਮਨੋਜ, ਪਰਦੀਪ ਅਤੇ ਰਾਜ ਕੁਮਾਰ ਨੂੰ ਕਾਬੂ ਕਰ ਲਿਆ ਹੈ।