ਕੁਲਦੀਪ ਸਿੰਘ
ਚੰਡੀਗੜ੍ਹ, 16 ਅਕਤੂਬਰ
ਪੰਜਾਬ ਯੂਨੀਵਰਸਿਟੀ ਦੀਆਂ ਰਿਸਰਚ ਲੈਬ ਵਿੱਚ ਦਾਖਲੇ ਲਈ ਰਿਸਰਚ ਸਕਾਲਰਾਂ ਵੱਲੋਂ ਬੀਤੇ ਦਿਨੀਂ ਕੀਤੇ ਗਏ ਤਿੱਖੇ ਸੰਘਰਸ਼ ਤੋਂ ਬਾਅਦ ’ਵਰਸਿਟੀ ਪ੍ਰਸ਼ਾਸਨ ਦਾ ਵਤੀਰਾ ਨਰਮ ਹੋ ਗਿਆ ਹੈ ਜਿਸ ਦੇ ਚਲਦਿਆਂ ਅੱਜ ਪ੍ਰਸ਼ਾਸਨ ਨੇ ਕੁਝ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਕੇ ਰਿਸਰਚ ਸਕਾਲਰਾਂ ਲਈ ਲੈਬ ਵਿੱਚ ਦਾਖਲਾ ਖੋਲ੍ਹ ਦਿੱਤਾ ਹੈ।ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਾਰੀ ਪ੍ਰੈੱਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਸਾਰੇ ਰਿਸਰਚ ਸਕਾਲਰਾਂ ਨੂੰ ਲੈਬ ਵਿੱਚ ਮਾਸਕ ਪਹਿਨਣ, ਸਮਾਜਿਕ ਦੂਰੀ ਦੀ ਪਾਲਣਾ ਅਤੇ ਹੱਥ ਸੈਨੇਟਾਈਜ਼ ਕਰਨ ਲਈ ਕਿਹਾ ਗਿਆ ਹੈ। ਸਿਰਫ਼ ਤੰਦਰੁਸਤ ਵਿਦਿਆਰਥੀਆਂ ਨੂੰ ਹੀ ਲੈਬ ਵਿੱਚ ਆਉਣ ਦੀ ਇਜਾਜ਼ਤ ਹੋਵੇਗੀ। ਸਿਹਤ ਦੀ ਸਵੈ-ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ। ਸਾਇੰਸ ਵਿਸ਼ੇ ਵਿੱਚ ਪੀਐਚ.ਡੀ. ਦੇ ਸਿਰਫ਼ ਉਨ੍ਹਾਂ ਰਜਿਸਟਰਡ ਵਿਦਿਆਰਥੀਆਂ ਨੂੰ ਲੈਬ ਵਿੱਚ ਆਉਣ ਦੀ ਆਗਿਆ ਹੋਵੇਗੀ ਜਿਨ੍ਹਾਂ ਨੇ ਤਿੰਨ ਸਾਲ ਪੂਰੇ ਕਰ ਲਏ ਹੋਣਗੇ। ਸਾਰੀਆਂ ਲੈਬਜ਼, ਸੈਂਟਰਲ ਇੰਸਟਰੂਮੈਂਟਲ ਸਹੂਲਤਾਂ ਅਤੇ ਵਿਭਾਗੀ ਲੈਬ ਨੂੰ ਕੰਮ ਦੇ ਦਿਨਾਂ ਵਿਚ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਖੋਲ੍ਹੀਆਂ ਜਾਣਗੀਆਂ। ਵਿਭਾਗ ਵਿੱਚ ਦਾਖਲ ਹੋਣ ਤੋਂ ਪਹਿਲਾਂ ਥਰਮਲ ਸਕੈਨ ਕਰਵਾਉਣਾ ਜ਼ਰੂਰੀ ਕੀਤਾ ਗਿਆ ਹੈ।