ਦਰਸ਼ਨ ਸਿੰਘ ਸੋਢੀ
ਮੁਹਾਲੀ, 29 ਅਪਰੈਲ
ਕਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਮੁਹਾਲੀ ਜ਼ਿਲ੍ਹੇ ਦੇ 14 ਹਸਪਤਾਲਾਂ ਵਿੱਚ ਲੋੜੀਂਦੀ ਔਸਤਨ 23 ਟਨ ਆਕਸੀਜਨ ਅਤੇ 5 ਹਸਪਤਾਲਾਂ ਨੂੰ ਰਾਜ ਵੱਲੋਂ ਸਿੱਧੀ ਸਪਲਾਈ ਜਾਰੀ ਹੈ ਅਤੇ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਹ ਦਾਅਵਾ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੀਵ ਗੁਪਤਾ ਨੇ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਲੋੜੀਂਦੀ ਆਕਸੀਜਨ ਸਪਲਾਈ ਯਕੀਨੀ ਬਣਾਉਣ ਲਈ ਬਣੀ ਵਿਸ਼ੇਸ਼ ਟੀਮ ਨਾਲ ਹਾਈਟੈੱਕ ਇੰਡਸਟਰੀਜ਼ ਮੁਹਾਲੀ ਦਾ ਦੌਰਾ ਕਰਕੇ ਆਕਸੀਜਨ ਸਿਲੰਡਰਾਂ ਅਤੇ ਹੋਰ ਪ੍ਰਬੰਧਾਂ ਦੀ ਜਾਂਚ ਕੀਤੀ। ਟੀਮ ਵਿੱਚ ਪਵਿੱਤਰ ਸਿੰਘ, ਐੱਸਪੀ ਹਰਬੀਰ ਸਿੰਘ ਅੰਟਾਲ ਅਤੇ ਏਈਟੀਸੀ ਸੁਰਿੰਦਰ ਗਰਗ ਵੀ ਸ਼ਾਮਲ ਸਨ। ਏਡੀਸੀ ਨੇ ਦੱਸਿਆ ਕਿ ਜ਼ਿਲ੍ਹੇ ਤੋਂ ਬਾਹਰ ਆਕਸੀਜਨ ਦੀ ਸਪਲਾਈ ਸਬੰਧਤ ਡਿਪਟੀ ਕਮਿਸ਼ਨਰਾਂ ਦੀ ਮੰਗ ਅਨੁਸਾਰ ਆਨ ਡਿਮਾਂਡ ’ਤੇ ਹੀ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਹਰ ਸਿਲੰਡਰ ਦਾ ਸਪਲਾਈ ਰਿਕਾਰਡ ਰੱਖਿਆ ਜਾ ਰਿਹਾ ਹੈ। ਪੁਲੀਸ ਅਤੇ ਜੀਐੱਸਟੀ ਟੀਮਜ਼ ਨੂੰ 24 ਘੰਟੇ ਹਸਪਤਾਲਾਂ ਨੂੰ ਆਕਸੀਜਨ ਦੀ ਸਪਲਾਈ ਦੀ ਨਿਗਰਾਨੀ ਲਈ ਤਾਇਨਾਤ ਕੀਤਾ ਗਿਆ ਹੈ।