ਜਗਮੋਹਨ ਸਿੰਘ
ਘਨੌਲੀ, 13 ਮਾਰਚ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿੱਚ ਥਰਮਲ ਪਲਾਂਟ ਦੀ ਸਟੇਜ-1 ਦੇ ਯੂਨਿਟਾਂ ਨੂੰ ਡਿਸਮੈਂਟਲ ਕਰਨ ਦੇ ਕੰਮ ਵਿੱਚ ਜੁਟੀ ਫਰਮ ਮੇੈਸਰਜ਼ ਅਸਾਏਜੋਤ ਦਾ ਆਕਸੀਜਨ ਸਿਲੰਡਰ ਫਟਣ ਕਾਰਨ ਥਰਮਲ ਪਲਾਂਟ ਦੇ ਦਫਤਰਾਂ ਦੀਆਂ ਇਮਾਰਤਾਂ ਦੇ ਸੀਸ਼ੇ ਟੁੱਟ ਗਏ ਅਤੇ 220 ਕੇਵੀ ਸਬ ਸਟੇਸ਼ਨ ਦੀ ਮਸ਼ੀਨਰੀ ਵੀ ਨੁਕਸਾਨੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਵਾ ਛੇ ਵਜੇ ਦੇ ਕਰੀਬ ਥਰਮਲ ਪਲਾਂਟ ਰੂਪਨਗਰ ਦੀ ਸਰਵਿਸ ਬਿਲਡਿੰਗ ਨੇੜੇ ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਮੁਲਾਜ਼ਮ ਦਫਤਰਾਂ ਤੋਂ ਬਾਹਰ ਆ ਗਏ। ਮੁਲਾਜ਼ਮਾਂ ਨੇ ਬਾਹਰ ਆ ਕੇ ਵੇਖਿਆ ਕਿ ਥਰਮਲ ਪਲਾਂਟ ਦੇ 1 ਅਤੇ 2 ਨੰਬਰ ਯੂਨਿਟਾਂ ਨੂੰ ਤੋੜਨ ਵਿੱਚ ਜੁਟੀ ਕੰਪਨੀ ਵੱਲੋਂ ਬਣਾਏ ਯਾਰਡ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਕਈ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਅਤੇ ਹੋਰ ਸਾਮਾਨ ਦੂਰ ਤੱਕ ਖਿੰਡਿਆ ਪਿਆ ਸੀ। ਛਾਣਬੀਣ ਕਰਨ ਉਪਰੰਤ ਪਤਾ ਲੱਗਿਆ ਕਿ ਆਸਾਏਜੋਤ ਕੰਪਨੀ ਵੱਲੋਂ ਯੂਨਿਟਾਂ ਦਾ ਸਾਮਾਨ ਕੱਟਣ ਲਈ ਵਰਤਿਆ ਜਾਣ ਵਾਲਾ ਆਕਸੀਜਨ ਦਾ ਸਿਲੰਡਰ ਫਟਿਆ ਹੈ। ਸਵੇਰ ਦਾ ਸਮਾਂ ਹੋਣ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਇਸ ਦੌਰਾਨ ਪਲਾਂਟ ਦੇ ਕਈ ਦਫਤਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਨੁਕਸਾਨੇ ਗਏ ਤੇ ਧਮਾਕੇ ਕਾਰਨ ਸਾਮਾਨ ਦੇ ਕੁਝ ਟੁੱਕੜੇ 220 ਕੇਵੀ ਸਬ-ਸਟੇਸ਼ਨ ਤੱਕ ਪੁੱਜ ਜਾਣ ਕਾਰਨ ਸਬ-ਸਟੇਸ਼ਨ ਦੀ ਮਸ਼ੀਨਰੀ ਨੂੰ ਨੁਕਸਾਨ ਪਹੁੰਚਿਆ।
ਘਟਨਾ ਦੀ ਜਾਂਚ ਲਈ ਕਮੇਟੀ ਬਣਾਈ: ਮੁੱਖ ਇੰਜਨੀਅਰ
ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਰਵੀ ਵਧਵਾ ਨਾਲ ਘਟਨਾ ਬਾਰੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਦਾ ਸਿਲੰਡਰ ਫਟਣ ਵੇਲੇ ਸਵੇਰ ਦਾ ਸਮਾਂ ਹੋਣ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਅਤੇ ਜਿਹੜਾ ਮਾਲੀ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਸਬੰਧਤ ਠੇਕੇਦਾਰ ਤੋਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਹ ਹਾਦਸਾ ਦਿਨ ਵੇਲੇ ਵਾਪਰਦਾ ਤਾਂ ਕਈ ਜਾਨਾਂ ਲਈ ਖਤਰਾ ਪੈਦਾ ਹੋ ਸਕਦਾ ਸੀ।