ਪੱਤਰ ਪ੍ਰੇਰਕ
ਖਰੜ, 26 ਜੁਲਾਈ
ਆਊਟਸੋਰਸਿੰਗ ’ਤੇ ਕੰਮ ਕਰਦੀਆਂ ਸਟਾਫ ਨਰਸਾਂ, ਈਸੀਜੀ, ਦਰਜਾ ਚਾਰ ਮੁਲਾਜ਼ਮਾਂ ਨੇ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਅੱਜ ਸਿਵਲ ਹਸਪਤਾਲ ਖਰੜ ਵਿੱਚ ਆਪਣਾ ਕੰਮ ਕਾਰ ਠੱਪ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਊਟਸੋਰਸਿੰਗ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ-ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਰੋਨਾ ਮਹਾਮਾਰੀ ਵੇਲੇ ਆਪਣੇ ਪਰਿਵਾਰ ਤੇ ਬੱਚਿਆਂ ਦੀ ਪ੍ਰਵਾਹ ਕੀਤੇ ਬਿਨਾਂ ਡਿਊਟੀ ਨਿਭਾਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੁਰੰਤ ਬਣਦੀ ਤਨਖਾਹ ਦਿੱਤੀ ਜਾਵੇ ਤੇ ਰੈਗੂਲਰ ਕੀਤਾ ਜਾਵੇ। ਦੂਜੇ ਪਾਸੇ ਖਰੜ ਦੇ ਨਵੇਂ ਆਏ ਐੱਸਐੱਮਓ ਡਾ. ਐੱਸਐੱਸ ਦਿਓਲ ਨੇ ਕਿਹਾ ਕਿ ਉਨਾਂ ਨੇ ਅੱਜ ਹੀ ਜੁਆਇਨ ਕੀਤਾ ਹੈ। ਉਹ ਇਸ ਸੰਬਧੀ ਪੜਤਾਲ ਕਰਕੇ ਹੀ ਕੁਝ ਕਹਿ ਸਕਦੇ ਹਨ। ਮੰਗ ਪੱਤਰ ਬਾਰੇ ਸਬੰਧਤ ਕਲਰਕ ਨੇ ਦੱਸਿਆ ਕਿ ਉਨ੍ਹਾਂ ਨੇ ਮੰਗ ਪੱਤਰ ਆਪਣੇ ਉਚ ਅਧਿਕਾਰੀਆਂ ਨੂੰ ਭੇਜ ਦਿੱਤਾ ਹੈ।