ਪੱਤਰ ਪ੍ਰੇਰਕ
ਚੰਡੀਗੜ੍ਹ, 17 ਅਪਰੈਲ
ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਰੋਨਾਵਾਇਰਸ ਦੇ ਮੱਦੇਨਜ਼ਰ ਬੀਤੇ ਦਿਨ ਹਫ਼ਤਾਵਰੀ ਤਾਲ਼ਾਬੰਦੀ ਦੇ ਕੀਤੇ ਗਏ ਹੁਕਮਾਂ ਮਗਰੋਂ ਪੰਜਾਬ ਯੂਨੀਵਰਸਿਟੀ ਮੈਨੇਜਮੈਂਟ ਵੱਲੋਂ ਅੱਜ ਏ.ਸੀ. ਜੋਸ਼ੀ ਲਾਇਬਰੇਰੀ ਵੀ ਮੁੜ ਤੋਂ ਬੰਦ ਕਰਨ ਦੇ ਨੋਟਿਸ ਚਿਪਕਾ ਦਿੱਤੇ ਗਏ। ਲਾਇਬਰੇਰੀ ਬੰਦ ਕਰਨ ਦੇ ਨੋਟਿਸ ਪੜ੍ਹਦਿਆਂ ਹੀ ਲਾਇਬਰੇਰੀ ਵਿੱਚ ਮੌਜੂਦ ਵਿਦਿਆਰਥੀ ਭੜਕ ਉੱਠੇ ਅਤੇ ਉਨ੍ਹਾਂ ਬਾਹਰ ਆ ਕੇ ਯੂਨੀਵਰਸਿਟੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮੈਨੇਜਮੈਂਟ ਵੱਲੋਂ ਮੌਕੇ ’ਤੇ ਪੁਲੀਸ ਵੀ ਬੁਲਾਈ ਗਈ ਅਤੇ ਵਿਦਿਆਰਥੀਆਂ ਦੀ ਮੰਗ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ। ਵਿਦਿਆਰਥੀਆਂ ਨੇ ਕਿਹਾ ਕਿ ਅੱਜ ਭਾਵੇਂ ਤਾਲ਼ਾਬੰਦੀ ਦੀ ਆੜ ਹੇਠ ਲਾਇਬਰੇਰੀ ਦੋ ਦਿਨ ਤੱਕ ਬੰਦ ਕਰ ਦਿੱਤੀ ਗਈ ਹੈ ਪ੍ਰੰਤੂ ਅਗਲੇ ਹਫ਼ਤੇ ਲਾਇਬਰੇਰੀ ਬੰਦ ਨਹੀਂ ਹੋਣ ਦਿੱਤੀ ਜਾਵੇਗੀ।
ਵਿਦਿਆਰਥੀ ਆਗੂ ਸੰਦੀਪ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਇੱਕ ਖ਼ੁਦਮੁਖਤਿਆਰ ਸੰਸਥਾ ਹੈ ਜਿਸ ਵਿੱਚ ਯੂ.ਟੀ. ਪ੍ਰਸ਼ਾਸਨ ਦੇ ਨਿਯਮ ਲਾਗੂ ਨਹੀਂ ਹੁੰਦੇ ਪ੍ਰੰਤੂ ਹਰ ਵਾਰ ’ਵਰਸਿਟੀ ਦੀ ਮੈਨੇਜਮੈਂਟ ਲਾਇਬਰੇਰੀ ਤੇ ਹੋਸਟਲ ਬੰਦ ਕਰਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀ.ਜੀ.ਆਈ. ਚੰਡੀਗੜ੍ਹ ਦੀ ਲਾਇਬਰੇਰੀ ਪੂਰਾ ਹਫ਼ਤਾ 24 ਘੰਟੇ ਖੁੱਲ੍ਹੀ ਰਹਿ ਸਕਦੀ ਹੈ ਅਤੇ ਚੰਡੀਗੜ੍ਹ ਵਿੱਚ ਸਿਨੇਮਾ ਘਰ 50 ਪ੍ਰਤੀਸ਼ਤ ਵਿਅਕਤੀਆਂ ਦੇ ਬੈਠਣ ਲਈ ਖੁੱਲ੍ਹੇ ਰਹਿ ਸਕਦੇ ਹਨ ਤਾਂ ਫਿਰ ਤਾਂ ਵਿਦਿਆਰਥੀਆਂ ਦੀ ਪੜ੍ਹਾਈ ਦੇ ਲਈ ਪੰਜਾਬ ਯੂਨੀਵਰਸਿਟੀ ਦੀ ਲਾਇਬਰੇਰੀ ਖੋਲ੍ਹਣ ਵਿੱਚ ਵੀ ਕੋਈ ਹਰਜ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਏ.ਸੀ. ਜੋਸ਼ੀ ਲਾਇਬਰੇਰੀ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਵਿਦਿਆਰਥੀ ਇੱਥੇ ਬੈਠ ਕੇ ਲਗਾਤਾਰ ਆਪਣੀ ਪੜ੍ਹਾਈ ਕਰਦੇ ਰਹਿਣਗੇ।