ਮਿਹਰ ਸਿੰਘ
ਕੁਰਾਲੀ, 10 ਅਪਰੈਲ
ਨੇੜਲੇ ਪਿੰਡ ਬਮਨਾੜਾ ਤੇ ਪਪਰਾਲੀ ਵਿਚਕਾਰ ਪੈਂਦੇ ਇੱਕ ਸ਼ੈੱਲਰ ਵਿੱਚ ਉੱਤਰ ਪ੍ਰਦੇਸ਼ ਤੋਂ ਖਰੀਦ ਕੇ ਲਿਆਂਦੀ ਕਣਕ ਭੰਡਾਰ ਕਰਨ ਦੀ ਸੂਹ ਮਿਲਣ ’ਤੇ ਇਲਾਕੇ ਦੇ ਕਿਸਾਨ ਰੋਹ ਵਿੱਚ ਆ ਗਏ। ਕਈ ਦਿਨਾਂ ਤੋਂ ਆ ਰਹੀ ਕਣਕ ਦੀ ਫਸਲ ਦੀ ਭਿਣਕ ਲੱਗਦਿਆਂ ਹੀ ਕਿਸਾਨਾਂ ਨੇ ਅੱਜ ਸ਼ੈੱਲਰ ਦਾ ਘਿਰਾਓ ਕਰਦਿਆਂ ਸੰੰਘਰਸ਼ ਦਾ ਬਿਗਲ ਵਜਾ ਦਿੱਤਾ। ਕਿਸਾਨਾਂ ਨੇ ਕਾਨੂੰਨੀ ਕਾਰਵਾਈ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਉੱਤਰ ਪ੍ਰਦੇਸ਼ ਤੋਂ ਸਸਤੀ ਕਣਕ ਖ਼ਰੀਦ ਕੇ ਨੇੜਲੇ ਪਿੰਡ ਬਮਨਾੜਾ-ਪਪਰਾਲੀ ਸੜਕ ਦੇ ਵਿਚਕਾਰ ਪੈਂਦੇ ਇੱਕ ਸ਼ੈੱਲਰ ਵਿੱਚ ਭੰਡਾਰ ਕੀਤੇ ਜਾਣ ਨੂੰ ਲੈ ਕੇ ਅੱਜ ਇਲਾਕੇ ਦੇ ਕਿਸਾਨ ਸ਼ੈਲਰ ਅੱਗੇ ਇਕੱਠੇ ਹੋ ਗਏ। ਇਸ ਦੌਰਾਨ ਰੋਹ ਵਿੱਚ ਆਏ ਕਿਸਾਨਾਂ ਨੇ ਸਰਕਾਰ ਅਤੇ ਸ਼ੈੱਲਰ ਮਾਲਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਵੱਲੋਂ ਸ਼ੈੱਲਰ ਵਿੱਚ ਭੰਡਾਰ ਕੀਤੀ ਕਣਕ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ। ਇਸੇ ਦੌਰਾਨ ਮਾਰਕੀਟ ਕਮੇਟੀ ਮੋਰਿੰਡਾ ਦੀ ਸਕੱਤਰ ਅਰਚਨਾ ਬਾਂਸਲ ਨੂੰ ਜਾਂਚ ਲਈ ਮੌਕੇ ’ਤੇ ਭੇਜਿਆ ਗਿਆ ਪਰ ਜਦੋਂ ਕਿਸਾਨਾਂ ਦੀ ਤਸੱਲੀ ਨਾ ਹੋਈ ਤਾਂ ਜ਼ਿਲ੍ਹਾ ਮੰਡੀ ਅਫ਼ਸਰ ਭਜਨ ਕੌਰ ਵੀ ਮੌਕੇ ’ਤੇ ਪੁੱਜ ਗਏ।
ਮੌਕੇ ’ਤੇ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਇਹ ਕਣਕ ਦੋ ਦਿਨਾਂ ਦੌਰਾਨ ਸ਼ੈੱਲਰ ਵਿੱਚ ਪੁੱਜੀ ਹੈ ਅਤੇ ਇਸ ਲਈ ਵਰਤਿਆ ਸਾਰਾ ਬਾਰਦਾਨਾ ਪੰਜਾਬ ਦਾ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਕਣਕ ਪੰਜਾਬ ਦੀ ਮੰਡੀ ਵਿੱਚ ਵੱਧ ਭਾਅ ’ਤੇ ਵੇਚਣ ਲਈ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਐੱਮ.ਐੱਸ.ਪੀ. ਲਾਗੂ ਨਾ ਹੋਣ ਕਾਰਨ ਵਪਾਰੀਆਂ ਵੱਲੋਂ ਉੱਥੋਂ ਸਸਤੇ ਭਾਅ ਕਣਕ ਦੀ ਫਸਲ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ਵੇਚੀ ਜਾਵੇਗੀ ਅਤੇ ਪੰਜਾਬ ਦੇ ਕਿਸਾਨਾਂ ਦਾ ਹੱਕ ਮਾਰਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਅਜਿਹਾ ਕਿਸੇ ਵੀ ਸੂਰਤ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ। ਕਿਸਾਨ ਆਗੂਆਂ ਨੇ ਮਾਮਲੇ ਸਬੰਧੀ ਪਰਚਾ ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕੌਮੀ ਮਾਰਗ ’ਤੇ ਚੱਕਾ ਜਾਮ ਕੀਤਾ ਜਾਵੇਗਾ।
ਸ਼ੈੱਲਰ ਮਾਲਕ ਬਿੱਟੂ ਖੁੱਲਰ ਨੇ ਡੀਐੱਮ ਰੋਪੜ ਭਜਨ ਕੌਰ ਸੰਧੂ ਤੇ ਹੋਰਨਾਂ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਉਨ੍ਹਾਂ ਵੱਲੋਂ ਸ਼ੈੱਲਰ ਨਾਲ ਲੱਗਦਾ ਹਿੱਸਾ ਸੋਲਖੀਆਂ ਦੀ ‘ਮੈਗਾ ਸਟਾਰ ਫੂਡਜ਼’ ਕੰਪਨੀ ਨੂੰ ਲੀਜ਼ ’ਤੇ ਦਿੱਤਾ ਹੋਇਆ ਹੈ। ਕੰਪਨੀ ਵੱਲੋਂ ਹੀ ਇਹ ਕਣਕ ਭੰਡਾਰ ਕੀਤੀ ਗਈ ਹੈ। ਉਨ੍ਹਾਂ ਕੰਪਨੀ ਨਾਲ ਕੀਤੇ ਗਏ ਲੀਜ਼ ਐਗਰੀਮੈਂਟ ਦੀ ਕਾਪੀ ਵੀ ਦਿਖਾਈ। ਇਸੇ ਦੌਰਾਨ ‘ਮੈਗਾ ਸਟਾਰ ਫੂਡਜ਼’ ਕੰਪਨੀ ਦੇ ਮੈਨੇਜ਼ਰ ਨੇ ਕਣਕ ਉੱਤਰ ਪ੍ਰਦੇਸ਼ ਤੋਂ ਖਰੀਦ ਕੇ ਲਿਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਾਨੂੰਨ ਅਨੁਸਾਰ ਹੀ ਫਸਲ ਖਰੀਦ ਕੇ ਲਿਆਂਦੀ ਹੈ ਜਿਸ ਦਾ ਰਿਕਾਰਡ ਉਨ੍ਹਾਂ ਕੋਲ ਮੌਜੂਦ ਹੈ। ਇਸ ਸਬੰਧੀ ਮੌਕੇ ’ਤੇ ਆਏ ਜ਼ਿਲ੍ਹਾ ਮੰਡੀ ਅਫ਼ਸਰ ਭਜਨ ਕੌਰ ਸੰਧੂ ਨੇ ਕਿਹਾ ਕਿ ਭਾਵੇਂ ‘ਮੈਗਾ ਸਟਾਰ ਫੂਡਜ਼’ ਨਾਮੀ ਆਟਾ ਮਿੱਲ ਵੱਲੋਂ ਯੂਪੀ ਤੋਂ ਕਣਕ ਦੀ ਖਰੀਦ ਸਰਕਾਰੀ ਨਿਯਮਾਂ ਅਨੁਸਾਰ ਕੀਤੀ ਗਈ ਪਰ ਸ਼ੈੱਲਰ ਵਿੱਚ ਇਸ ਦਾ ਭੰਡਾਰ ਕਰਨਾ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਜਾਂਚ ਦਾ ਭਰੋਸਾ ਦਿੱਤਾ।