ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 18 ਫਰਵਰੀ
ਇਥੋਂ ਦੇ ਸਰਕਾਰੀ ਪੌਲੀਟੈਕਨਿਕ ਕਾਲਜ ਫਾਰ ਵਿਮੈਨ ਸੈਕਟਰ-10 ’ਚ ਜਮਾਤਾਂ ਤੇ ਪ੍ਰੀਖਿਆਵਾਂ ਆਫਲਾਈਨ ਕਰਵਾਉਣ ਕਾਰਨ ਵਿਦਿਆਰਥਣਾਂ ’ਚ ਰੋਸ ਹੈ। ਇਨ੍ਹਾਂ ਵਿਦਿਆਰਥਣਾਂ ਨੇ ਜਮਾਤਾਂ ਤੇ ਪ੍ਰੀਖਿਆਵਾਂ ਆਫਲਾਈਨ ਤੇ ਆਨਲਾਈਨ ਦੋਵੇਂ ਕਰਵਾਉਣ ਦੀ ਮੰਗ ਕੀਤੀ ਜਿਸ ਸਬੰਧੀ ਵਿਦਿਆਰਥਣਾਂ ਨੇ ਸੁਣਵਾਈ ਨਾ ਹੋਣ ਕਾਰਨ ਸਕੱਤਰ ਨੂੰ ਪੱਤਰ ਲਿਖਿਆ ਹੈ। ਪ੍ਰਸ਼ਾਸਨ ਨੇ 10 ਫਰਵਰੀ ਨੂੰ ਪੱਤਰ ਜਾਰੀ ਕਰ ਕੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਕਿਹਾ ਹੈ ਕਿ ਉਹ ਜਮਾਤਾਂ ਆਫਲਾਈਨ ਤੇ ਆਨਲਾਈਨ ਦੋਵੇਂ ਤਰ੍ਹਾਂ ਜਾਰੀ ਰੱਖਣ ਤੇ ਕਿਸੇ ਵੀ ਵਿਦਿਆਰਥੀ ਨੂੰ ਜ਼ਬਰਦਸਤੀ ਅਦਾਰੇ ’ਚ ਆਉਣ ਲਈ ਦਬਾਅ ਨਾ ਪਾਉਣ ਤੇ ਮਾਪਿਆਂ ਦੀ ਸਹਿਮਤੀ ਨਾਲ ਹੀ ਆਫਲਾਈਨ ਜਮਾਤਾਂ ਲਈ ਸੱਦਿਆ ਜਾਵੇ। ਡੀ ਫਾਰਮੇਸੀ ਦੀਆਂ 29 ਵਿਦਿਆਰਥਣਾਂ ਨੇ ਪੰਜਾਬੀ ਟ੍ਰਿਬਿਊਨ ਨੂੰ ਪੱਤਰ ਦੀਆਂ ਕਾਪੀਆਂ ਸੌਂਪਦਿਆਂ ਕਿਹਾ ਕਿ ਉਨ੍ਹਾਂ ਦੇ ਸੈਕਸ਼ਨ ’ਚ 79 ਵਿਦਿਆਰਥਣਾਂ ਹਨ ਜਿਨ੍ਹਾਂ ’ਚੋਂ ਜ਼ਿਆਦਾਤਰ ਦੇ ਮਾਪੇ ਕਾਲਜ ਭੇਜਣਾ ਨਹੀਂ ਚਾਹੁੰਦੇ। ਇਨ੍ਹਾਂ ’ਚੋਂ ਕਈ ਵਿਦਿਆਰਥਣਾਂ ਹਰਿਆਣਾ ’ਚ ਰਹਿੰਦੀਆਂ ਹਨ ਜਿਨ੍ਹਾਂ ਨੂੰ ਬੱਸ ਰਾਹੀਂ ਕਾਲਜ ਆਉਣਾ ਪੈਂਦਾ ਹੈ। ਇਨ੍ਹਾਂ ਦੱਸਿਆ ਕਿ ਉਹ ਜਦੋਂ ਲੋਕਲ ਬੱਸ ਰਾਹੀਂ ਕਾਲਜ ਆਉਂਦੀਆਂ ਹਨ ਤਾਂ ਉਸ ’ਚ ਜ਼ਿਆਦਾਤਰ ਯਾਤਰੀ ਪੀਜੀਆਈ ਵਾਲੇ ਹੁੰਦੇ ਹਨ ਜਿਸ ਕਾਰਨ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਕਾਲਜ ਨਹੀਂ ਭੇਜਣਾ ਚਾਹੁੰਦੇ। ਪ੍ਰਿੰਸੀਪਲ ਗੁਰਲੀਨ ਨੇ ਦੱਸਿਆ ਕਿ ਕਾਲਜ ਵਿਚ ਸਾਰਾ ਕੁਝ ਨਿਯਮਾਂ ਅਧੀਨ ਹੋ ਰਿਹਾ ਹੈ।
ਡੈਪੂਟੇਸ਼ਨ: 630 ਵਿੱਚੋਂ 390 ਅਧਿਆਪਕਾਂ ਦੀ ਮਿਆਦ ਲੰਘੀ
ਯੂਟੀ ਵਿੱਚ ਡੈਪੂਟੇਸ਼ਨ ’ਤੇ ਆਏ ਅਧਿਆਪਕਾਂ ਦੇ ਓਵਰਸਟੇਅ ਹੋਣ ਦਾ ਮਾਮਲਾ ਭਖ ਰਿਹਾ ਹੈ। ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਦੱਸਿਆ ਕਿ ਯੂਟੀ ਵਿਚ ਮਿਆਦ ਪੁੱਗਣ ਤੋਂ ਬਾਅਦ ਵੀ ਅਧਿਆਪਕ ਵਾਪਸ ਪਿਤਰੀ ਰਾਜਾਂ ਵਿਚ ਨਹੀਂ ਭੇਜੇ ਜਾ ਰਹੇ। ਸਕੱਤਰੇਤ ਦੇ ਰਿਕਾਰਡ ਅਨੁਸਾਰ ਚੰਡੀਗੜ੍ਹ ਵਿਚ 630 ਅਧਿਆਪਕ ਡੈਪੂਟੇਸ਼ਨ ’ਤੇ ਤਾਇਨਾਤ ਹਨ ਤੇ ਇਸ ਵੇਲੇ 390 ਅਧਿਆਪਕ ਤੈਅ ਸਮੇਂ ਤੋਂ ਵੱਧ ਯੂਟੀ ਦੇ ਸਰਕਾਰੀ ਸਕੂਲਾਂ ਵਿਚ ਤਾਇਨਾਤ ਹਨ, ਇਨ੍ਹਾਂ ਵਿਚੋਂ ਕਈ ਤਾਂ ਦੋ ਦਹਾਕਿਆਂ ਤੋਂ ਵਧ ਸਮੇਂ ਤੋਂ ਚੰਡੀਗੜ੍ਹ ਦੇ ਸਕੂਲਾਂ ਵਿਚ ਤਾਇਨਾਤ ਹਨ। ਇਨ੍ਹਾਂ ਵਿਚੋਂ 78 ਫੀਸਦੀ ਲੈਕਚਰਾਰ, 58 ਫੀਸਦੀ ਟੀਜੀਟੀ ਤੇ 61 ਫੀਸਦੀ ਜੇਬੀਟੀ ਮਿਆਦ ਪੁੱਗਣ ਤੋਂ ਬਾਅਦ ਵੀ ਕੰਮ ਕਰ ਰਹੇ ਹਨ। ਸ੍ਰੀ ਕੰਬੋਜ ਨੇ ਦੱਸਿਆ ਕਿ ਨਿਯਮਾਂ ਤਹਿਤ ਇਕ ਅਧਿਆਪਕ ਤਿੰਨ ਸਾਲ ਤਕ ਤਾਇਨਾਤ ਰਹਿ ਸਕਦਾ ਹੈ ਤੇ ਹੋਰ ਹਾਲਾਤ ਵਿਚ ਇਹ ਮਿਆਦ ਦੋ ਸਾਲ ਹੋਰ ਵਧਾਈ ਜਾ ਸਕਦੀ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਡੈਪੂਟੇਸ਼ਨ ’ਤੇ ਮਿਆਦ ਪੁੱਗਾ ਚੁੱਕੇ ਅਧਿਆਪਕਾਂ ਨੂੰ ਇਕਦਮ ਵਾਪਸ ਨਹੀਂ ਭੇਜਿਆ ਜਾ ਸਕਦਾ। ਉਨ੍ਹਾਂ ਵਲੋਂ ਹੋਰ ਰਾਜਾਂ ਤੋਂ ਅਧਿਆਪਕਾਂ ਦੇ ਪੈਨਲ ਮੰਗੇ ਹਨ ਤੇ ਉਨ੍ਹਾਂ ਦੀ ਤਾਇਨਾਤੀ ਹੋਣ ਤੋਂ ਬਾਅਦ ਹੀ ਵਾਪਸ ਪਿਤਰੀ ਰਾਜਾਂ ਵਿਚ ਭੇਜਿਆ ਜਾਵੇਗਾ।