ਪੱਤਰ ਪ੍ਰੇਰਕ
ਚੰਡੀਗੜ੍ਹ, 7 ਨਵੰਬਰ
ਯੂਟੀ ਸਿਹਤ ਵਿਭਾਗ ਵੱਲੋਂ ਬਰਖ਼ਾਸਤ ਐੱਨਐੱਚਐੱਮ ਸਿਹਤ ਕਾਮਿਆਂ ਦਾ ਜੀਐੱਮਐੱਸਐੱਚ-16 ਦੇ ਬਾਹਰ ਸੜਕ ਕਿਨਾਰੇ ਚੱਲ ਰਿਹਾ ਰੋਸ ਪ੍ਰਦਰਸ਼ਨ ਅੱਜ 11ਵੇਂ ਦਿਨ ਵੀ ਜਾਰੀ ਰਿਹਾ। ਵੱਖ-ਵੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਸਮਰਥਨ ਕੀਤਾ ਗਿਆ। ਬਰਖਾਸਤ ਮਹਿਲਾ ਕਰਮਚਾਰੀ ਸੰਘਰਸ਼ ਵਿੱਚ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਸ਼ਾਮਲ ਹੋਈਆਂ। ਉਨ੍ਹਾਂ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਪਣੀ ਨੌਕਰੀ ਬਹਾਲ ਕਰਨ ਦੀ ਮੰਗ ਕੀਤੀ।
ਅੱਜ ਦੇ ਪ੍ਰਦਰਸ਼ਨ ਨੂੰ ਆਲ ਕੰਟਰੈਕਟ ਕਰਮਚਾਰੀ ਸੰਘ ਦੇ ਕਨਵੀਨਰ ਭੁਪਿੰਦਰ ਸਿੰਘ ਗਿੱਲ, ਚੇਅਰਮੈਨ ਬਿਪਿਨ ਸ਼ੇਰ ਸਿੰਘ, ਮਜ਼ਦੂਰ ਦਸਤਾ ਸੰਗਠਨ, ਨੈਸ਼ਨਲ ਵੈਟਰਨ ਐੱਂਪਲਾਈਜ਼ ਫੋਰਮ ਤੋਂ ਸੂਰਜ ਅਤੇ ਅਖਿਲ ਵਿਸ਼ਵ ਪੂਰਵਾਂਚਲ ਪਰਿਵਾਰ ਚੰਡੀਗੜ੍ਹ ਦੇ ਕੋਆਰਡੀਨੇਟਰ ਆਰਐੱਸ ਯਾਦਵ ਆਦਿ ਆਗੂਆਂ ਨੇ ਪਹੁੰਚ ਕੇ ਸਮਰਥਨ ਦਿੱਤਾ ਅਤੇ ਉਨ੍ਹਾਂ ਦੀ ਨੌਕਰੀ ਬਹਾਲੀ ਦੀ ਮੰਗ ਰੱਖੀ। ਸਾਬਕਾ ਸਰਪੰਚ ਧਨਾਸ ਕੁਲਜੀਤ ਸਿੰਘ ਨੇ ਵੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰ ਕੇ ਸਮਰਥਨ ਦਿੱਤਾ। ਐੱਨਐੱਚਐੱਮ ਐੱਂਪਲਾਈਜ਼ ਯੂਨੀਅਨ ਦੇ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਗੈਰ-ਸਰਕਾਰੀ ਸੰਸਥਾ ਰਾਸ਼ਟਰੀ ਮਨੁੱਖੀ ਅਧਿਕਾਰ ਸੁਰੱਖਿਆ ਪਰਿਸ਼ਦ ਨੇ ਵੀ ਐੱਨਐੱਚਐੱਮ ਕਰਮਚਾਰੀਆਂ ਦੀ ਬਰਖਾਸਤਗੀ ਨੂੰ ਲੈ ਕੇ ਪ੍ਰਸ਼ਾਸਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ 178 ਕਰਮਚਾਰੀਆਂ ਦੀ ਨੌਕਰੀ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਪਰਿਸ਼ਦ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸਿਹਤ ਮੰਤਰੀ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਪੱਤਰ ਭੇਜ ਕੇ ਇਨ੍ਹਾਂ ਕਾਮਿਆਂ ਦੀ ਨੌਕਰੀ ਖ਼ਤਮ ਕਰਨ ਦਾ ਵਿਰੋਧ ਕੀਤਾ।