ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਦਸੰਬਰ
ਇਥੋਂ ਦੇ ਪ੍ਰਾਈਵੇਟ ਸਕੂਲਾਂ ਵਿੱਚ ਸੈਸ਼ਨ 2022-23 ਲਈ ਐਂਟਰੀ ਲੈਵਲ ਜਮਾਤਾਂ ਦੀਆਂ ਸੀਟਾਂ ਆਮ ਵਰਗ ਲਈ ਸੀਮਤ ਹੋਣ ਕਾਰਨ ਆਪਣੇ ਬੱਚੇ ਨੂੰ ਦਾਖਲਾ ਦਿਵਾਉਣ ਦੇ ਚਾਹਵਾਨ ਮਾਪੇ ਫਿਕਰਮੰਦ ਹਨ। ਇਸ ਵੇਲੇ ਕਈ ਮੋਹਰੀ ਸਕੂਲਾਂ ਨੇ ਡਰਾਅ ਦੀਆਂ ਤਰੀਕਾਂ ਐਲਾਨ ਦਿੱਤੀਆਂ ਹਨ ਜਦਕਿ ਚਾਰ ਕਾਨਵੈਂਟ ਸਕੂਲਾਂ ਦੇ ਡਰਾਅ 21 ਤੇ 22 ਜਨਵਰੀ ਨੂੰ ਹੋਣਗੇ। ਇਨ੍ਹਾਂ ਸਕੂਲਾਂ ਦੀਆਂ ਜ਼ਿਆਦਾਤਰ ਸੀਟਾਂ ਮੈਨੇਜਮੈਂਟ ਕੋਟਾ, ਕ੍ਰਿਸਚੀਅਨ ਕੋਟਾ ਤੇ ਹੋਰਾਂ ਲਈ ਰੱਖਣ ਕਾਰਨ ਆਮ ਵਰਗ ਦੇ ਵਿਦਿਆਰਥੀਆਂ ਨੂੰ ਸੀਟ ਮਿਲਣੀ ਔਖੀ ਹੈ। ਮਾਪੇ ਇਨ੍ਹਾਂ ਜਮਾਤਾਂ ਵਿਚ ਦਾਖਲਾ ਦਿਵਾਉਣ ਲਈ ਸਕੂਲਾਂ ਨਾਲ ਸੰਪਰਕ ਕਰ ਰਹੇ ਹਨ ਤੇ ਸਕੂਲਾਂ ਵਿਚ ਫੀਸਾਂ ਤੇ ਹੋਰ ਮਾਮਲਿਆਂ ਲਈ ਵੱਧ ਫੋਨ ਕਾਲਾਂ ਆ ਰਹੀਆਂ ਹਨ।
ਚਾਰ ਕਾਨਵੈਂਟ ਸਕੂਲਾਂ ਕਾਰਮਲ ਕਾਨਵੈਂਟ ਸੈਕਟਰ 9, ਸੇਂਟ ਜੋਹਨਜ਼ ਸੈਕਟਰ 26, ਸੇਕਰਡ ਹਾਰਟ ਸਕੂਲ ਸੈਕਟਰ 26 ਤੇ ਸੇਂਟ ਐਨੀਜ਼ ਸੈਕਟਰ-32 ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਇਨ੍ਹਾਂ ਸਕੂਲਾਂ ਨੂੰ ਮਾਨਿਓਰਿਟੀ ਦਰਜਾ ਹਾਸਲ ਹੈ ਤੇ ਇਹ ਸਕੂਲ ਕ੍ਰਿਸਚੀਅਨ ਬੱਚਿਆਂ ਦੇ ਦਾਖਲੇ ਨੂੰ ਯਕੀਨੀ ਬਣਾਉਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦਾ ਮੈਨੇਜਮੈਂਟ ਕੋਟਾ, ਭੈਣ ਭਰਾਵਾਂ ਨੂੰ ਤਰਜੀਹ ਤੇ ਸਟਾਫ ਦਾ ਵੱਖਰਾ ਕੋਟਾ ਹੈ ਜਿਸ ਕਾਰਨ ਆਮ ਵਰਗ ਦੇ ਬੱਚਿਆਂ ਦੀਆਂ ਸੀਟਾਂ ਘੱਟ ਰਹੀਆਂ ਹਨ। ਸ਼ਹਿਰ ਦੇ ਬਾਕੀ ਸਕੂਲਾਂ ਵਿੱਚ ਵੀ ਰਾਖਵੇਂ ਕੋਟੇ ਹੋਣ ਕਾਰਨ ਆਮ ਵਰਗ ਨੂੰ ਮਾਰ ਪੈ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜ਼ਿਆਦਾਤਰ ਸਕੂਲਾਂ ਨੇ ਦਾਖਲਾ ਪ੍ਰਕਿਰਿਆ ਅਨੁਸਾਰ ਡਰਾਅ ਦੀਆਂ ਮਿਤੀਆਂ ਤੈਅ ਕਰ ਲਈਆਂ ਹਨ ਜਿਹੜੀਆਂ ਅਗਲੇ ਹਫਤੇ ਨਸ਼ਰ ਕੀਤੀਆਂ ਜਾਣਗੀਆਂ।
ਆਮ ਵਰਗ ਲਈ ਸੌ ਵਿੱਚੋਂ ਸਿਰਫ 39 ਸੀਟਾਂ
ਭਵਨ ਵਿਦਿਆਲਿਆ ਵਿੱਚ ਐਂਟਰੀ ਲੈਵਲ ਜਮਾਤ ਲਈ 100 ਸੀਟਾਂ ਹਨ ਪਰ 25 ਸੀਟਾਂ ਆਰਥਿਕ ਪੱਖੋਂ ਕਮਜ਼ੋਰ ਵਿਦਿਆਰੀਆਂ ਲਈ ਰਾਖਵੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਸਕੂਲ ਦੇ ਸਾਬਕਾ ਵਿਦਿਆਰਥੀਆਂ ਲਈ 5 ਸੀਟਾਂ, 20 ਸੀਟਾਂ ਸਕੂਲ ਵਿਚ ਪੜ੍ਹਦੇ ਭੈਣ-ਭਰਾਵਾਂ ਲਈ ਰਾਖਵੀਆਂ ਹਨ। ਇਸ ਦੇ ਨਾਲ ਹੀ ਸਕੂਲ ਮੈਨੇਜਮੈਂਟ ਦੀਆਂ ਆਪਣੀਆਂ 10 ਸੀਟਾਂ ਹਨ ਤੇ ਕਰੀਬ ਚਾਰ ਸੀਟਾਂ ਸਟਾਫ ਲਈ ਰਾਖਵੀਆਂ ਹਨ। ਇਸ ਹਿਸਾਬ ਨਾਲ ਆਮ ਵਰਗ ਲਈ ਸਿਰਫ 39 ਦੇ ਕਰੀਬ ਸੀਟਾਂ ਬਚਦੀਆਂ ਹਨ। ਇਸ ਕਾਰਨ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਵਿੱਚ ਐਂਟਰੀ ਲੈਵਲ ਜਮਾਤਾਂ ਦੀਆਂ ਸੀਟਾਂ ਆਮ ਵਰਗ ਲਈ ਸੀਮਤ ਹੋਣ ਕਾਰਨ ਆਪਣੇ ਬੱਚੇ ਨੂੰ ਦਾਖਲਾ ਦਿਵਾਉਣ ਦੇ ਚਾਹਵਾਨ ਫਿਕਰਮੰਦ ਹਨ।