ਪੰਚਕੂਲਾ: ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਸੜਕ ਹਾਦਸਿਆਂ ਵਿੱਚ ਕਮੀ ਲਿਆਉਣ ਦੇ ਉਦੇਸ਼ ਨਾਲ ਸਬੰਧਤ ਅਧਿਕਾਰੀਆਂ ਨੂੰ ਸਾਰੇ ਰਾਜਮਾਰਗਾਂ ’ਤੇ ਉਪਯੁਕਤ ਸਾਈਨ ਬੋਰਡ ਲਗਾਉਣ ਅਤੇ ਦੁਰਘਟਨਾ ਸੰਭਾਵਿਤ ਖੇਤਰਾਂ ਦੀ ਪਛਾਣ ਕਰ ਕੇ ਉੱਥੇ ਆਵਾਜਾਈ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ੍ਰੀ ਕੌਸ਼ਲ ਨੇ ਅੱਜ ਇੱਥੇ ਰੋਡ ਸੇਫਟੀ ਫੰਡ ਮੈਨੈਜਮੈਂਟ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਭਾਰੀ ਵਾਹਨਾਂ ਦਾ ਵਾਰ-ਵਾਰ ਲਾਈਨ ਬਦਲਣਾ ਦੁਰਘਟਨਾਵਾਂ ਦੇ ਮੁੱਖ ਕਾਰਨ ਵਿੱਚੋਂ ਇਕ ਹੈ। ਇਸ ਲਈ ਸੜਕਾਂ ’ਤੇ ਯਾਤਰੀ ਅਤੇ ਭਾਰੀ ਵਾਹਨਾਂ ਦੇ ਖੱਬੇ ਪਾਸੇ ਚੱਲਣ ਦੇ ਸਾਈਨ ਬੋਰਡ ਲਗਾਏ ਜਾਣ ਅਤੇ ਇਸ ਨਿਯਮ ਦੀ ਸਖ਼ਤੀ ਨਾਲ ਪਾਲਣ ਕੀਤਾ ਜਾਣਾ ਵੀ ਯਕੀਨੀ ਕੀਤਾ ਜਾਵੇ। -ਪੱਤਰ ਪ੍ਰੇਰਕ