ਪੱਤਰ ਪ੍ਰੇਰਕ
ਖਰੜ, 13 ਸਤੰਬਰ
ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ ਨੇ ਖਰੜ ਮਾਰਕੀਟ ਕਮੇਟੀ ਦੀ ਹਦੂਦ ਅੰਦਰ ਕੀਤੇ ਗਏ ਨਾਜਾਇਜ਼ ਕਬਜ਼ੇ ਤੁਰੰਤ ਹਟਾਉਣ ਲਈ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਕਬਜ਼ੇ 15 ਸਤੰਬਰ ਤਕ ਨਾ ਹਟਾਏ ਗਏ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਸ਼ਰਮਾ ਨੇ ਆੜ੍ਹਤੀਆਂ ਦੇ ਵਫ਼ਦ ਦੁਆਰਾ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦੇ ਜਾਣ ਮਗਰੋਂ ਸਬੰਧਤ ਥਾਂ ਦਾ ਦੌਰਾ ਕੀਤਾ ਅਤੇ ਦੁਕਾਨਕਾਰਾਂ ਨੂੰ ਕਬਜ਼ੇ ਤੁਰੰਤ ਹਟਾਉਣ ਦੀ ਹਦਾਇਤ ਕੀਤੀ। ਇਸ ਤੋਂ ਪਹਿਲਾਂ ਖਰੜ ਦੀ ਅਨਾਜ ਆੜ੍ਹਤੀ ਐਸੋਸੀਏਸ਼ਨ ਦੇ ਵਫ਼ਦ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਵਿਚ ਮਛਲੀ ਕਲਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸਮੱਸਿਆਵਾਂ ਤੋਂ ਜਾਣੂ ਕਰਾਇਆ। ਆੜ੍ਹਤੀਆਂ ਨੇ ਦੱਸਿਆ ਕਿ ਮੰਡੀ ਵਿਚ ਬਣੇ ਹੋਏ ਬੂਥਾਂ ਦੇ ਮਾਲਕਾਂ ਖ਼ਾਸਕਰ ਬਿਲਡਿੰਗ ਮਟੀਰੀਅਲ ਵੇਚਣ ਵਾਲਿਆਂ ਨੇ ਕਾਫ਼ੀ ਜਗ੍ਹਾ ਘੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਜਗ੍ਹਾ ਫ਼ਸਲਾਂ ਵਾਸਤੇ ਰਾਖਵੀਂ ਹੈ ਪਰ ਦੁਕਾਨਦਾਰ ਨਾਜਾਇਜ਼ ਕਬਜ਼ੇ ਕਰ ਕੇ ਇਸ ਨੂੰ ਆਪ ਵਰਤੇ ਰਹੇ ਹਨ। ਮਛਲੀ ਕਲਾਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਇਹ ਨਾਜਾਇਜ਼ ਕਬਜ਼ੇ ਤਿੰਨ ਦਿਨਾਂ ਦੇ ਅੰਦਰ-ਅੰਦਰ ਹਟਾ ਦਿੱਤੇ ਜਾਣ ਜਿਸ ’ਤੇ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਜੇ ਮੰਡੀ ਵਿਚ ਹੋਰ ਥਾਈਂ ਵੀ ਨਾਜਾਇਜ਼ ਕਬਜ਼ੇ ਕੀਤੇ ਗਏ ਹਨ ਤਾਂ ਉਹ ਵੀ ਤੁਰੰਤ ਹਟਾ ਦਿੱਤੇ ਜਾਣ, ਨਹੀਂ ਤਾਂ ਮਾਰਕੀਟ ਕਮੇਟੀ ਵਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਛਲੀ ਕਲਾਂ ਨੇ ਪਾਰਕਿੰਗ ਵਿਚ ਟਾਈਲਾਂ ਲਾਉਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਵੀ ਆੜ੍ਹਤੀਆਂ ਦੀਆਂ ਮੰਗਾਂ ਸੁਣੀਆਂ।