ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 28 ਅਪਰੈਲ
ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਅੱਜ ਇਥੋਂ ਦੇ ਸੈਕਟਰ-45 ਅਤੇ ਬੁੜੈਲ ਦਾ ਦੌਰਾ ਕੀਤਾ। ਉਨ੍ਹਾਂ ਨੇ ਇਲਾਕਾ ਕੌਂਸਲਰ ਅਤੇ ਨਿਗਮ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਤੜਕੇ ਸਾਢੇ ਛੇ ਵਜੇ ਸ਼ੁਰੂ ਕੀਤੇ ਇਸ ਦੌਰੇ ਦੌਰਾਨ ਨਿਗਮ ਕਮਿਸ਼ਨਰ ਨੇ ਕਬਾੜੀ ਮਾਰਕੀਟ ਅਤੇ ਸੀਮਿੰਟ ਤੇ ਬਜਰੀ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਵੱਲੋਂ ਜਨਤਕ ਥਾਵਾਂ ’ਤੇ ਕੀਤੇ ਕਬਜ਼ਿਆਂ ਦਾ ਸਖਤ ਨੋਟਿਸ ਲਿਆ। ਉਨ੍ਹਾਂ ਨੇ ਨਿਗਮ ਅਧਿਕਾਰੀ ਨੂੰ ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜਨ ਸਿਹਤ ਵਿਭਾਗ ਨੂੰ ਪਿੰਡ ਬੁੜੈਲ ਦੀ ਫਿਰਨੀ ’ਤੇ ਪਖਾਨੇ ਬਣਾਉਣ ਲਈ ਵੀ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਇਲਾਕੇ ਵਿੱਚ ਲਾਵਾਰਿਸ ਕੱਤਿਆਂ ਦੀ ਸਮੱਸਿਆ ਦੇ ਹੱਲ ਲਈ ਐੱਮਐੱਚਓ ਵਿੰਗ ਨੂੰ ਕੁੱਤਿਆਂ ਦੀ ਨਸਬੰਦੀ ਕਰਨ ਦੇ ਨਿਰਦੇਸ਼ ਦਿੱਤੇ। ਇਸੇ ਤਰ੍ਹਾਂ ਕੇਬਲਾਂ ਤੇ ਇੰਟਰਨੈੱਟ ਓਵਰਹੈੱਡ ਤਾਰਾਂ ਨੂੰ ਵੀ ਹਟਾਉਣ ਦੇ ਆਦੇਸ਼ ਦਿੱਤੇ। ਨਿਗਮ ਕਮਿਸ਼ਨਰ ਨੇ ਪਿੰਡ ਬੁੜੈਲ ਦੀ ਅੰਦਰੂਨੀ ਸੜਕ ’ਤੇ ਸਟਰੀਟ ਲਾਈਟ ਲਾਉਣ ਦੇ ਹੁਕਮ ਦਿੱਤੇ। ਬੁੜੈਲ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਕੂੜੇ ਨੂੰ ਜਨਤਕ ਥਾਵਾਂ ’ਤੇ ਸੁੱਟਣ ਦਾ ਨੋਟਿਸ ਲੈਂਦਿਆਂ ਸ੍ਰੀਮਤੀ ਮਿਤਰਾ ਨੇ ਦੁਕਾਨਦਾਰਾਂ ਦੇ ਚਲਾਨ ਵੀ ਕਟਵਾਏ। ਇਸੇ ਤਰ੍ਹਾਂ ਪਿੰਡ ਬੁੜੈਲ ਦੀਆਂ ਅੰਦਰੂਨੀ ਗਲੀਆਂ ਵਿੱਚ ਸੀਵਰ ਦੀ ਸਮੱਸਿਆ ਹੰਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸੇ ਤਰ੍ਹਾਂ ਪੇਵਰ ਬਲਾਕਾਂ ਦੀ ਮੁਰੰਮਤ ਕਰਨ ਦੇ ਹੁਕਮ ਵੀ ਦਿੱਤੇ। ਉਨ੍ਹਾਂ ਨੇ ਕੇਸ਼ੋ ਰਾਮ ਕੰਪਲੈਕਸ ਦੀ ਸਫ਼ਾਈ ਵਿਵਸਥਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕੇਸ਼ੋ ਰਾਮ ਕੰਪਲੈਕਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਇੰਜਨੀਅਰਿੰਗ ਵਿੰਗ ਦੇ ਅਧਿਕਾਰੀ, ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਮੈਂਬਰ ਹਾਜ਼ਰ ਸਨ।