ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 14 ਅਪਰੈਲ
ਵਿਧਾਇਕਾ ਅਨਮੋਲ ਗਗਨ ਮਾਨ ਨੇ ਪਿੰਡ ਮੁੱਲਾਂਪੁਰ ਗਰੀਬਦਾਸ ਦੀ ਪੰਚਾਇਤ ਨੂੰ ਪਿੰਡੇ ਵਿੱਚ ਅਧੂਰੇ ਪਏ ਵਿਕਾਸ ਕੰਮ ਜਲਦੀ ਨੇਪਰੇ ਚੜ੍ਹਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਮੌਕੇ ਹਾਜ਼ਰ ਪਿੰਡ ਦੇ ਲੋਕਾਂ ਅਰਵਿੰਦਪੁਰੀ, ਸਾਬਕਾ ਪੰਚ ਭਾਗਾ ਅਨੁਸਾਰ ਖੇੜਾ ਚੌਕ ਵਿੱਚ ਖਸਤਾ ਹਾਲਤ ਵਾਲੇ ਚੌਂਤਰੇ ਉਤੇ ਛੱਤ ਵਾਲਾ ਲੈਂਟਰ ਤਾਂ ਪਾ ਦਿੱਤਾ ਗਿਆ ਹੈ, ਪਰ ਫਰਸ਼ ਪਾਉਣ ਤੋਂ ਰਹਿੰਦਾ ਹੈ, ਜਿਸ ਕਾਰਨ ਇਸ ਚੌਂਤਰੇ ਉਤੇ ਬਜ਼ੁਰਗਾਂ ਨੂੰ ਆਰਾਮ ਲਈ ਅਤੇ ਹੋਰ ਸਮਾਗਮ ਕਰਨ ਲਈ ਸਟੇਜ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀ ਮੰਗ ਉਤੇ ਮੁੱਲਾਂਪੁਰ ਗਰੀਬਦਾਸ ਦੀ ਫੇਰੀ ਦੌਰਾਨ ਵਿਧਾਇਕਾ ਗਗਨ ਮਾਨ ਨੇ ਉਕਤ ਅਧੂਰੇ ਪਏ ਕੰਮ ਦਾ ਮੌਕਾ ਦੇਖਿਆ ਅਤੇ ਲੱਗਪਗ ਪੰਜ ਮਹੀਨੇ ਤੋਂ ਸੁਸਤ ਚਾਲੇ ਚੱਲ ਰਿਹਾ ਕੰਮ ਮੌਕੇ ਉਤੇ ਹਾਜ਼ਰ ਸਰਪੰਚ ਜਸਵੰਤ ਸਿੰਘ, ਪੰਚਾਂ ਭਾਗ ਸਿੰਘ ਤੇ ਸਮਿਤੀ ਮੈਂਬਰ ਸਤੀਸ਼ ਸੇਠੀ ਤੁਰੰਤ ਪੂਰਾ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਬਾਜ਼ਾਰ ਵਿੱਚ ਜਨਤਕ ਪਖਾਨਾ (ਪੇਸ਼ਾਬ ਘਰ) ਬਣਾਉਣ ਲਈ ਵੀ ਆਖਿਆ ਹੈ।
ਮੁਲਾਜ਼ਮਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਦੱਸੀਆਂ
ਖਰੜ (ਪੱਤਰ ਪ੍ਰੇਰਕ): ਮਿਉਂਸਿਪਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਮਹੇਸ਼ ਚੰਦਰ ਅਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਖੱਟੜਾ ਵਲੋਂ ਅਨਮੋਲ ਗਗਨ ਮਾਨ, ਵਿਧਾਇਕ ਹਲਕਾ ਖਰੜ ਨਾਲ ਮੁਲਾਕਾਤ ਕੀਤੀ ਗਈ। ਯੂਨੀਅਨ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਦਰਪੇਸ਼ ਮੁਸ਼ਕਲਾਂ ਸਬੰਧੀ ਅਨਮੋਲ ਗਗਨ ਮਾਨ ਨੂੰ ਜਾਣੂ ਕਰਵਾਇਆ ਗਿਆ। ਵਿਧਾਇਕਾ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਮੁਲਾਜ਼ਮਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਸਰਕਾਰ ਵੱਲੋਂ ਜਲਦ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਅਨਮੋਲ ਗਗਨ ਮਾਨ ਵੱਲੋਂ ਮੁਲਾਜ਼ਮਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਅਤੇ ਜਥੇਬੰਦੀ ਵੱਲੋਂ ਵੀ ਉਨ੍ਹਾਂ ਨੂੰ ਸਹਿਯੋਗ ਦਾ ਭਰੋਸਾ ਦਿਵਾਇਆ ਗਿਆ।