ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਦਿੱਲੀ ਸਰਕਾਰ ਨੇ ਸਰਕਾਰੀ ਸਕੂਲਾਂ, ਕਲੱਬਾਂ ਤੇ ਵਿਅਕਤੀਗਤ ਟਰੇਨਰਾਂ ਰਾਹੀਂ ਕੰਮ ਕਰ ਰਹੀਆਂ ਖੇਡ ਅਕੈਡਮੀਆਂ ਨੂੰ ਸਰਕਾਰੀ ਸਕੂਲਾਂ ਦੇ ਵਧੇਰੇ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਦੇ ਨਿਰਦੇਸ਼ ਦਿੱਤੇ ਹਨ। ਸਿੱਖਿਆ ਡਾਇਰੈਕਟੋਰੇਟ ਵੱਲੋਂ ਜਾਰੀ ਕੀਤੇ ਗਏ ਇੱਕ ਸਰਕੂਲਰ ਅਨੁਸਾਰ ਇਨ੍ਹਾਂ ਅਕੈਡਮੀਆਂ ਦੇ ਦੌਰੇ ਦੌਰਾਨ ਇਹ ਦੇਖਿਆ ਗਿਆ ਕਿ ਪੈਸੇ ਦੇਣ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਨੂੰ ਹੀ ਸਿਖਲਾਈ ਦਿੱਤੀ ਜਾ ਰਹੀ ਸੀ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਸੀ। ਇਹ ਲਗਪਗ ਸਾਰੀਆਂ ਅਕਾਦਮੀਆਂ/ਕਲੱਬਾਂ/ ਟਰੇਨਰ ਸਿਰਫ ਅਦਾਇਗੀਸ਼ੁਦਾ ਵਿਦਿਆਰਥੀਆਂ ਨੂੰ ਸਿਖਲਾਈ ਤੇ ਕੋਚਿੰਗ ਦਿੰਦੇ ਪਾਏ ਗਏ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਬਹੁਤ ਘੱਟ ਹਨ ਜੋ ਇਨ੍ਹਾਂ ਕੇਂਦਰਾਂ ਵਿੱਚ ਸਿਖਲਾਈ ਤੇ ਕੋਚਿੰਗ ਪ੍ਰਾਪਤ ਕਰ ਰਹੇ ਹਨ। ਇਸ ਤਰ੍ਹਾਂ ਨਿਯਮਾਂ ’ਤੇ ਸ਼ਰਤਾਂ ਦੀ ਪਾਲਣਾ ਨਹੀਂ ਕਰ ਰਹੇ। ਇਨ੍ਹਾਂ ਅਕੈਡਮੀਆਂ, ਕਲੱਬਾਂ ਤੇ ਵਿਅਕਤੀਗਤ ਟਰੇਨਰਾਂ ਦਾ ਇਹ ਕਾਰਜ ਯੋਜਨਾ ਦੇ ਮੁੱਖ ਉਦੇਸ਼ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
ਸਿੱਖਿਆ ਡਾਇਰੈਕਟੋਰੇਟ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫਤ ਸਿਖਲਾਈ ਤੇ ਕੋਚਿੰਗ ਦੇਣ ਲਈ ਦਿੱਲੀ ਦੇ ਇਲਾਕਿਆਂ ਵਿੱਚ ਵੱਖ-ਵੱਖ ਅਕੈਡਮੀਆਂ, ਕਲੱਬਾਂ ਤੇ ਵਿਅਕਤੀਗਤ ਟ੍ਰੇਨਰਾਂ ਨੂੰ ਸ਼ਾਮਲ ਕਰਕੇ ਜ਼ਮੀਨੀ ਪੱਧਰ ‘ਤੇ ਖੇਡਾਂ ਦੇ ਵਿਆਪਕ ਅਧਾਰਤ ਬਣਾਉਣ ਲਈ ਇੱਕ ਯੋਜਨਾ ਚਲਾ ਰਿਹਾ ਹੈ। ਸਰਕੂਲਰ ਵਿੱਚ ਲਿਖਿਆ ਗਿਆ ਹੈ ‘ਉਹ ਨੇੜਲੇ ਗੈਰ-ਸਰਕਾਰੀ ਸਕੂਲਾਂ ਦੇ ਵਿਦਿਆਰਥੀ ਖਿਡਾਰੀਆਂ ਨੂੰ ਵਾਜਬ ਚਾਰਜ ਦੇ ਆਧਾਰ ‘ਤੇ ਸਿਖਲਾਈ ਤੇ ਕੋਚਿੰਗ ਵੀ ਦੇ ਸਕਦੇ ਹਨ। ਹਾਲਾਂਕਿ ਸਿਖਲਾਈ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲ/ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ / ਗੈਰ-ਸਹਾਇਤਾ ਪ੍ਰਾਪਤ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਦੇ ਵਿਦਿਆਰਥੀ ਤੇ ਗੈਰ-ਸਰਕਾਰੀ ਸਕੂਲ ਦੇ ਵਿਦਿਆਰਥੀ ਖਿਡਾਰੀਆਂ ਦਾ ਅਨੁਪਾਤ 50:50 ਹੋਣਾ ਚਾਹੀਦਾ ਹੈ’