ਮੁਕੇਸ਼ ਕੁਮਾਰ
ਚੰਡੀਗੜ੍ਹ, 14 ਜਨਵਰੀ
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਇੱਥੇ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਉੱਥੇ ਨੇੜੇ ਹੀ ਕੂੜਾ ਪ੍ਰਬੰਧਨ ਲਈ ਲਗਾਏ ਗਏ ਪ੍ਰੋਸੈਸਿੰਗ ਪਲਾਂਟ ਦਾ ਮੁਆਇਨਾ ਕੀਤਾ। ਪ੍ਰਸ਼ਾਸਕ ਬਨਵਾਰੀ ਲਾਲ ਨਾਲ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਸਮੇਤ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਅਤੇ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੀ ਪੂਰੀ ਟੀਮ ਵੀ ਮੌਜੂਦ ਰਹੀ ਅਤੇ ਡੰਪਿੰਗ ਗਰਾਊਂਡ ਤੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਨੂੰ ਲੈ ਕੇ ਪ੍ਰਸ਼ਾਸਕ ਨੂੰ ਜਾਣਕਾਰੀ ਦਿੱਤੀ। ਦੂਜੇ ਪਾਸੇ ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਦਿਆਲ ਕ੍ਰਿਸ਼ਨ ਨੇ ਕਿਹਾ ਕਿ ਹੁਣ ਤੱਕ ਡੰਪਿੰਗ ਗਰਾਊਂਡ ’ਚ ਸਿਰਫ਼ ‘ਦੌਰੇ’ ਹੀ ਹੋਏ ਹਨ ਪਰ ਸਮੱਸਿਆ ਦਾ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਡੰਪਿੰਗ ਗਰਾਊਂਡ ਦੇ ਬਾਹਰ ਤਾਂ 15 ਫੁੱਟ ਦੀ ਦੀਵਾਰ ਖੜ੍ਹੀ ਕਰ ਦਿੱਤੀ ਗਈ ਹੈ, ਲੇਕਿਨ ਅੰਦਰ ਲੱਗੇ ਕੂੜੇ ਦੇ ਢੇਰਾਂ ਦਾ ਕੋਈ ਹੱਲ ਨਹੀਂ ਕੀਤਾ। ਇੱਥੇ ਡੱਡੂ ਮਾਜਰਾ ਵਿੱਚ ਅੱਜ ਪ੍ਰਸ਼ਾਸਕ ਅਤੇ ਨਿਗਮ ਅਧਿਕਾਰੀਆਂ ਦੀ ਟੀਮ ਦੇ ਦੌਰੇ ਕਾਰਨ ਡੰਪਿੰਗ ਗਰਾਊਂਡ ਨੇੜੇ ਦੇ ਇਲਾਕੇ ਨੂੰ ਨਿਗਮ ਦੇ ਸੈਨੀਟੇਸ਼ਨ ਵਿੰਗ ਵੱਲੋਂ ਸਫਾਈ ਕਰਕੇ ਪੂਰੀ ਤਰ੍ਹਾਂ ਨਾਲ ਚਮਕਾ ਦਿੱਤਾ ਗਿਆ। ਇਲਾਕਾ ਵਾਸੀਆਂ ਅਨੁਸਾਰ ਜਿਸ ਥਾਂ ’ਤੇ ਪਿਛਲੇ ਕਈਂ ਮਹੀਨਿਆਂ ਤੋਂ ਝਾੜੂ ਵੀ ਨਹੀਂ ਸੀ ਵੱਜਿਆ, ਅੱਜ ਉਸ ਥਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰਕੇ ਉੱਥੇ ਬਕਾਇਦਾ ਚੂਨਾ ਸੁੱਟ ਕੇ ਪ੍ਰਸ਼ਾਸਕ ਨੂੰ ਆਪਣੇ ਫੋਕੀ ਕਾਰਗੁਜ਼ਾਰੀ ਦਿਖਾਉਣ ਦੀ ਕੋਸ਼ਿਸ਼ ਕੀਤੀ । ਪ੍ਰਸ਼ਾਸਨ ਨੇ ਅੱਜ ਇੱਥੇ ਆਪਣੇ ਦੌਰੇ ਨੂੰ ਲੈ ਕੇ ਪਹਿਲਾਂ ਡੰਪਿੰਗ ਗਰਾਊਂਡ ਦੇ ਪਿਛਲੇ ਪਾਸੇ ਦੇ ਗੇਟ ਤੋਂ ਐਂਟਰੀ ਕਰਕੇ ਉਸ ਦੀ ਜਾਂਚ ਕੀਤੀ ਅਤੇ ਉਸ ਤੋਂ ਬਾਅਦ ਇੱਥੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਵਿੱਚ ਜਾ ਕੇ ਅਧਿਕਾਰੀਆਂ ਤੋਂ ਕੂੜੇ ਦੇ ਨਬਿੇੜੇ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ। ਡੰਪਿੰਗ ਗਰਾਊਂਡ ਅਤੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਦੀ ਹਾਲਤ ਦੇਖ ਕੇ ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਛੇਤੀ ਹੀ ਇਸ ਸਮੱਸਿਆ ਦਾ ਢੁਕਵਾਂ ਹੱਲ ਕੱਢਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਉਹ ਅਗਲੇ ਮਹੀਨੇ ਫਿਰ ਤੋਂ ਇੱਥੋਂ ਦਾ ਦੌਰਾ ਕਰਨਗੇ ਅਤੇ ਇੱਥੇ ਵਿਕਾਸ ਕੀਤਾ ਹੋਇਆ ਨਜ਼ਰ ਆਉਣਾ ਚਾਹੀਦਾ ਹੈ। ਇਸ ਮਸਲੇ ਨੂੰ ਲੈ ਕੇ ਉਨ੍ਹਾਂ ਛੇਤੀ ਹੀ ਮੀਟਿੰਗ ਬੁਲਾਉਣ ਦੀ ਗੱਲ ਵੀ ਆਖੀ। ਜ਼ਿਕਰਯੋਗ ਹੈ ਕਿ ਬਤੌਰ ਚੰਡੀਗੜ੍ਹ ਪ੍ਰਸ਼ਾਸਕ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਨਵਾਰੀ ਲਾਲ ਪੁਰੋਹਿਤ ਦਾ ਇੱਥੇ ਇਹ ਪਹਿਲਾ ਦੌਰਾ ਸੀ। ਪ੍ਰਸ਼ਾਸਕ ਬਨਵਾਰੀ ਲਾਲ ਨੇ ਮੌਕੇ ’ਤੇ ਹਾਜ਼ਰ ਨਿਗਮ ਅਫਸਰਾਂ ਨੂੰ ਕਿਹਾ ਕਿ ਛੇਤੀ ਹੀ ਇਸ ਸਮੱਸਿਆ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਡੰਪਿੰਗ ਗਰਾਊਂਡ ਵਿੱਚ ਲੱਗੇ ਇਸ ਕੂੜੇ ਦੇ ਪਹਾੜ ਨੂੰ ਹਟਾਉਣ ਲਈ ਲੋੜੀਂਦੇ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਮਿਲ ਕੇ ਯਤਨ ਕਰਨੇ ਹੋਣਗੇ ਅਤੇ ਤਾਲਮੇਲ ਨਾਲ ਕੰਮ ਕਰਨਾ ਹੋਵੇਗਾ। ਇਸ ਦੌਰਾਨ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ, ਸੀਨੀਅਰ ਡਿਪਟੀ ਮੇਅਰ ਦਿਲੀਪ ਕੁਮਾਰ, ਡਿਪਟੀ ਮੇਅਰ ਅਨੂਪ ਕੁਮਾਰ ਗੁਪਤਾ ਸਮੇਤ ਨਿਗਮ ਅਤੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਵੀ ਪੁੱਜੇ ਹੋਏ ਸਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਕੌਂਸਲਰ ਵੀ ਇਸ ਮੌਕੇ ਪੁੱਜ ਗਏ ਅਤੇ ਪ੍ਰਸ਼ਾਸਕ ਨਾਲ ਡੱਡੂ ਮਾਜਰਾ ਦੇ ਕੂੜੇ ਨੂੰ ਲੈ ਕੇ ਗੱਲਬਾਤ ਕੀਤੀ। ਉਨ੍ਹਾਂ ਡੰਪਿੰਗ ਗਰਾਊਂਡ ਦੀ ਸਮੱਸਿਆ ਨੂੰ ਲੈਕੇ ਪ੍ਰਸ਼ਾਸਕ ਨੂੰ ਛੇਤੀ ਹੀ ਕੋਈ ਢੁਕਵਾਂ ਹੱਲ ਕੱਢਣ ਦੀ ਅਪੀਲ ਕੀਤੀ।