ਮਿਹਰ ਸਿੰਘ
ਕੁਰਾਲੀ, 22 ਅਪਰੈਲ
ਨੇੜਲੇ ਪਿੰਡ ਧਿਆਨਪੁਰਾ ਦੇ ਵਸਨੀਕਾਂ ਨੇ ਪਿੰਡ ਦੇ ਢੋਭੇ ਦੀ ਪੁਟਾਈ ਖ਼ਿਲਾਫ਼ ਰੋਸ ਪ੍ਰਗਟ ਕੀਤਾ ਹੈ। ਪਿੰਡ ਦੇ ਕੁਝ ਵਸਨੀਕਾਂ ਨੇ ਟੋਭੇ ਦੀ ਪੁਟਾਈ ਕਾਰਨ ਨਾਲ ਲਗਦੇ ਘਰਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਪੁਟਾਈ ਬੰਦ ਕਰਨ ਤੇ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਇਸ ਸਬੰਧੀ ਪਿੰਡ ਵਾਸੀ ਜਤਿੰਦਰ ਸਿੰਘ ਨੇ ਦੱਸਿਆ ਕਿ ਟੋਭੇ ਦੀ ਪੁਟਾਈ ਕਰ ਕੇ ਗੰਦਾ ਪਾਣੀ ਧਰਤੀ ਵਿੱਚ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪਿੰਡ ਦੇ ਕੁਝ ਵਸਨੀਕਾਂ ਦੇ ਘਰਾਂ ਤੱਕ ਟੋਭੇ ਦੀ ਪੁਟਾਈ ਕਰ ਦਿੱਤੀ ਗਈ ਹੈ। ਇਸ ਕਾਰਨ ਇਮਾਰਤਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਜਤਿੰਦਰ ਸਿੰਘ ਨੇ ਦੱਸਿਆ ਕਿ ਟੋਭੇ ਵਿਚੋਂ ਨਿਕਲ ਰਹੀ ਮਿੱਟੀ ਵੀ ਖੁਰਦ-ਬੁਰਦ ਕੀਤੀ ਜਾ ਰਹੀ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਕੰਮ ਨਿਯਮਾਂ ਅਨੁਸਾਰ ਹੋਣ ਦਾ ਦਾਅਵਾ
ਪਿੰਡ ਦੀ ਸਰਪੰਚ ਗੁਰਦੀਪ ਕੌਰ ਨੇ ਜਤਿੰਦਰ ਸਿੰਘ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਟੋਭੇ ਦੀ ਪੁਟਾਈ ਸਰਕਾਰੀ ਹਦਾਇਤਾਂ ਅਨੁਸਾਰ ਕੀਤੀ ਜਾ ਰਹੀ ਹੈ। ਇਸ ਸਬੰਧੀ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਹੈ। ਵਿਭਾਗ ਵੱਲੋਂ ਐਸਟੀਮੇਟ ਬਣਾ ਕੇ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਟੋਭੇ ਦੇ ਨਾਲ ਲਗਦੇ ਘਰਾਂ ਵਾਲਿਆਂ ਨੂੰ ਘਰਾਂ ਦੇ ਨਾਲ ਨਾਲ ਮਿੱਟੀ ਲਗਾਉਣ ਲਈ ਕਹਿ ਦਿੱਤਾ ਗਿਆ ਹੈ ਅਤੇ ਕੁਝ ਘਰਾਂ ਨੇ ਮਿੱਟੀ ਲਗਾ ਵੀ ਲਈ ਹੈ ਤਾਂ ਜੋ ਇਮਾਰਤ ਨੂੰ ਨੁਕਸਾਨ ਨਾ ਹੋਵੇ। ਮਿੱਟੀ ਖੁਰਦ-ਬੁਰਦ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਜਾਣ ਬੁੱਝ ਕੇ ਅਜਿਹੀਆਂ ਸ਼ਿਕਾਇਤਾਂ ਕਰ ਕੇ ਕੰਮ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹਰਕੀਰਤ ਸਿੰਘ ਨੇ ਕਿਹਾ ਕਿ ਟੋਭੇ ਦੀ ਪੁਟਾਈ ਸਬੰਧੀ ਸਾਰਾ ਕੰਮ ਨੇਮਾਂ ਅਨੁਸਾਰ ਕੀਤਾ ਜਾ ਰਿਹਾ ਹੈ।