ਹਰਜੀਤ ਸਿੰਘ
ਜ਼ੀਰਕਪੁਰ, 15 ਮਾਰਚ
ਇਥੋਂ ਦੇ ਲੋਹਗੜ੍ਹ ਵਿਖੇ ਵਾਲਮੀਕ ਭਵਨ ਵਿੱਚ ਚੱਲ ਰਹੀ ਲੜਕੀਆਂ ਦੀ ਆਈਟੀਆਈ ਦੇ ਬਾਹਰ ਉਸ ਵੇਲੇ ਹੰਗਾਮਾ ਖੜ੍ਹਾ ਗਿਆ ਜਦੋਂ ਬੋਰਡ ਵਿੱਚੋਂ ਵਾਲਮੀਕ ਭਵਨ ਦਾ ਨਾਂਅ ਹਟਾ ਦਿੱਤਾ। ਵਾਲਮੀਕਿ ਭਾਈਚਾਰੇ ਨੇ ਪ੍ਰਿੰਸੀਪਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੇ ਭਵਨ ਦੀ ਥਾਂ ਨੂੰ ਖਾਲੀ ਕੀਤਾ ਜਾਏ। ਆਈਟੀਆਈ ਦੀ ਪ੍ਰਿੰਸੀਪਲ ਮਨਜੀਤ ਕੌਰ ਵੱਲੋਂ ਮੁਆਫ਼ੀ ਮੰਗਣ ਮਗਰੋਂ ਰੋਹ ਸ਼ਾਂਤ ਹੋਇਆ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸਾਲ 2018 ਵਿੱਚ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦਾ ਕਹਿਣ ’ਤੇ ਉਨ੍ਹਾਂ ਵੱਲੋਂ ਲੜਕੀਆਂ ਦੀ ਆਈਟੀਵੀ ਆਈ ਲਈ ਇਹ ਥਾਂ ਦਿੱਤੀ ਸੀ। ਉਸ ਵੇਲੇ ਉਨ੍ਹਾਂ ਨੂੰ ਛੇ ਮਹੀਨੇ ਵਿੱਚ ਇਸ ਭਵਨ ਨੂੰ ਖਾਲੀ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆਈਟੀਆਈ ਪ੍ਰਬੰਧਕਾਂ ਵੱਲੋਂ ਹੁਣ ਇਸ ਭਵਨ ’ਤੇ ਕਬਜ਼ਾ ਕਰਨ ਦੀ ਕਥਿਤ ਨੀਅਤ ਨਾਲ ਵਾਲਮੀਕ ਭਵਨ ਦਾ ਨਾਂਅ ਮਿਟਾ ਦਿੱਤਾ ਹੈ। ਇਸ ਸਬੰਧੀ ਪ੍ਰਿੰਸੀਪਲ ਮਨਜੀਤ ਕੌਰ ਨੇ ਕਿਹਾ ਕਿ ਇਸ ਇਮਾਰਤ ਨੂੰ ਪੇਂਟ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਨਾਂਅ ਮਿਟਾਇਆ ਗਿਆ ਸੀ। ਉਨ੍ਹਾਂ ਮੁੜ ਤੋਂ ਨਾਂਅ ਲਿਖਵਾਉਣ ਦਾ ਭਰੋਸਾ ਦਿੰਦਿਆਂ ਭਾਈਚਾਰੇ ਤੋਂ ਠੇਸ ਪਹੁੰਚਣ ਲਈ ਮੁਆਫ਼ੀ ਮੰਗੀ।