ਪੱਤਰ ਪ੍ਰੇਰਕ
ਚੰਡੀਗੜ੍ਹ, 21 ਮਾਰਚ
ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੀ ਮੀਟਿੰਗ ਸੈਕਟਰ 24 ਸਥਿਤ ਸੈਣੀ ਭਵਨ ਵਿੱਚ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਪੰਜਾਬ ਦੇ ਅਧਿਕਾਰੀਆਂ ਦੀ ਤਾਇਨਾਤੀ ਨਿਸ਼ਚਿਤ ਅਨੁਪਾਤ ਤੋਂ ਵੀ ਘੱਟ ਕੀਤੇ ਜਾਣ ਸਮੇਤ ਹੋਰ ਕਈ ਮੁੱਦਿਆਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਚੰਡੀਗੜ੍ਹ ਇਕਾਈ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਸਨੀਕਾਂ ਉਤੇ ਪਾਣੀ ਬਿੱਲਾਂ ਦੇ ਰੇਟਾਂ ਵਿੱਚ ਵਾਧਾ ਕੀਤੇ ਜਾਣ ਦੀ ਪ੍ਰਕਿਰਿਆ ਚਲਾਈ ਹੋਈ ਹੈ। ਜੇਕਰ ਪਹਿਲੀ ਅਪਰੈਲ ਤੋਂ ਪਾਣੀ ਬਿੱਲਾਂ ਦੇ ਰੇਟਾਂ ਵਿੱਚ ਵਾਧਾ ਕੀਤਾ ਗਿਆ ਤਾਂ ਅਕਾਲੀ ਦਲ ਸ਼ਹਿਰ ਦੇ ਲੋਕਾਂ ਨੂੰ ਨਾਲ ਲੈ ਕੇ ਨਗਰ ਨਿਗਮ ਚੰਡੀਗੜ੍ਹ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰੇਗਾ। ਉਨ੍ਹਾਂ ਨੇ ਯੂ.ਟੀ. ਚੰਡੀਗੜ੍ਹ ਵਿੱਚ ਅਨੁਪਾਤ ਮੁਤਾਬਕ ਪੰਜਾਬ ਕੇਡਰ ਦੇ ਅਧਿਕਾਰੀ ਤਾਇਨਾਤ ਨਾ ਕਰਕੇ ਪੰਜਾਬ ਨਾਲ ਸ਼ਰ੍ਹੇਆਮ ਵਿਤਕਰਾ ਕੀਤਾ ਜਾ ਰਿਹਾ ਹੈ, ਜਿਸ ਨੂੰ ਅਕਾਲੀ ਦਲ ਨੂੰ ਬਰਦਾਸ਼ਤ ਨਹੀਂ ਕਰੇਗਾ।
ਕਾਂਗਰਸੀ ਕੌਂਸਲਰਾਂ ਵੱਲੋਂ ਪਾਣੀ ਦੀਆਂ ਵਧੀਆਂ ਦਰਾਂ ਵਾਪਸ ਲੈਣ ਦੀ ਮੰਗ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਹੋਣ ਵਾਲੀ ਹਾਊਸ ਮੀਟਿੰਗ ਵਿੱਚ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਲਈ ਵਿਰੋਧੀ ਧਿਰ ਕਾਂਗਰਸੀ ਕੌਂਸਲਰਾਂ ਨੇ ਇੱਥੇ ਸੈਕਟਰ 35 ਸਥਿਤ ਕਾਂਗਰਸ ਭਵਨ ਵਿੱਚ ਮੀਟਿੰਗ ਕਰਦਿਆਂ ਭਾਜਪਾ ਵੱਲੋਂ ਵਾਅਦੇ ਪੂਰੇ ਨਾ ਕਰਨ ’ਤੇ ਇਸ ਨੂੰ ਘੇਰਨ ਲਈ ਵਿਉਂਤਬੰਦੀ ਕੀਤੀ। ਮੀਟਿੰਗ ਵਿੱਚ ਚੰਡੀਗੜ੍ਹ ਵਿੱਚ ਪਾਣੀ ਦੇ ਬਿੱਲਾਂ ਦੀਆਂ ਵਧੀਆਂ ਹੋਈ ਦਰਾਂ ਨੂੰ 31 ਮਾਰਚ ਤੋਂ ਬਾਅਦ ਲਾਗੂ ਕੀਤੇ ਜਾਣ ਦੇ ਫ਼ੈਸਲੇ ਬਾਰੇ ਵੀ ਚਰਚਾ ਹੋਈ। ਕਾਂਗਰਸ ਕੌਂਸਲਰਾਂ ਕੌਂਸਲਰ ਗੁਰਬਖਸ਼ ਕੌਰ ਰਾਵਤ, ਗੁਰਪ੍ਰੀਤ ਸਿੰਘ ਗਾਪੀ, ਜਸਬੀਰ ਸਿੰਘ ਬੰਟੀ ਆਦਿ ਨੇ ਮੇਅਰ ਤੋਂ ਪਾਣੀ ਦੀਆਂ ਦਰਾਂ ਵਿੱਚ ਕੀਤਾ ਵਾਧਾ ਹਮੇਸ਼ਾ ਲਈ ਵਾਪਸ ਲੈਣ ਮੰਗ ਕੀਤੀ। ਉਨ੍ਹਾਂ ਨੇ ਮੇਅਰ ’ਤੇ ਵਿਰੋਧੀ ਦਲਾਂ ਦੇ ਕੌਂਸਲਰਾਂ ਦੇ ਵਾਰਡਾਂ ਦੇ ਨਾਲ ਮਤਰੇਆ ਵਿਵਹਾਰ ਕਰਨ ਦਾ ਦੋਸ਼ ਵੀ ਲਾਇਆ।