ਅਤਰ ਸਿੰਘ
ਡੇਰਾਬੱਸੀ, 22 ਅਗਸਤ
ਕੇਂਦਰ ਸਰਕਾਰ ਦੇ ਦਿੱਲੀ ਨੂੰ ਚੰਡੀਗੜ੍ਹ ਨਾਲ ਜੋੜਨ ਵਾਲੇ ਗਰੀਨ ਫੀਲਡ ਐਕਸਪ੍ਰੈੱਸਵੇਅ ਪ੍ਰਾਜੈਕਟ ਲਈ ਗ੍ਰਹਿਣ ਕਰਨ ਵਾਸਤੇ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ। ਇਸ ਮਾਰਗ ਲਈ ਡੇਰਾਬੱਸੀ ਦੇ ਨਾਲ ਪੈਂਦੇ ਪਿੰਡ ਅਤੇ ਜ਼ਿਲ੍ਹਾ ਮੁਹਾਲੀ ਤੇ ਪਟਿਆਲਾ ਦੇ ਕਰੀਬ 32 ਪਿੰਡਾਂ ਦੇ ਕਿਸਾਨਾਂ ਦੀ ਉਪਜਾਊ ਜ਼ਮੀਨ ਗ੍ਰਹਿਣ ਕਰਨ ਲਈ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਇਹ ਸੜਕ ਜ਼ਮੀਨ ਤੋਂ 15 ਫੁੱਟ ਉੱਪਰ ਬਣਾਈ ਜਾਵੇਗੀ ਅਤੇ ਪਿੰਡਾਂ ਨੂੰ ਕੋਈ ਰਾਹ ਵੀ ਨਹੀਂ ਦਿੱਤਾ ਜਾਵੇਗਾ, ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਦੋ ਹਿੱਸਿਆਂ ਵਿੱਚ ਵੰਡੀ ਜਾਵੇਗੀ ਅਤੇ ਕਿਸਾਨਾਂ ਨੂੰ ਦੂਜੇ ਪਾਸੇ ਦੀ ਜ਼ਮੀਨ ਵਾਹੁਣ ਲਈ ਮਜਬੂਰਨ ਕਈ ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪਵੇਗੀ। ਸੁਤਰਾਂ ਤੋਂ ਪਤਾ ਲੱਗਾ ਹੈ ਕਿ ਮੁਹਾਲੀ ਜ਼ਿਲ੍ਹੇ ਦੀਆਂ ਮਹਿੰਗੇ ਮੁੱਲ ਦੀਆਂ ਜ਼ਮੀਨਾਂ ਨੂੰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਬਹੁਤ ਘੱਟ ਭਾਅ ’ਤੇ ਗ੍ਰਹਿਣ ਕਰਨਾ ਚਾਹੁੰਦੀ ਹੈ ਜਿਸ ਨਾਲ ਕਿਸਾਨਾਂ ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ। ਇਸ ਸਬੰਧੀ ਹਲਕਾ ਡੇਰਾਬੱਸੀ ਦੇ ਵੱਡੀ ਗਿਣਤੀ ਕਿਸਾਨਾਂ ਵੱਲੋਂ ਡੇਰਾਬੱਸੀ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਇਸ ਮੁੱਦੇ ’ਤੇ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਰਾਜ ਪੰਚਾਇਤ ਪ੍ਰੀਸ਼ਦ ਦੇ ਸੂਬਾ ਪ੍ਰਧਾਨ ਕੁਲਜੀਤ ਸਿੰਘ ਰੰਧਾਵਾ ਅਤੇ ਰੋਡ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕੋਆਰਡੀਨੇਟਰ ਗੁਰਦਿਆਲ ਸਿੰਘ ਬੁੱਟਰ ਨੇ ਸ਼ਿਰਕਤ ਕੀਤੀ। ਦੋਹਾਂ ਆਗੂਆਂ ਨੇ ਕਿਸਾਨਾਂ ਦੀ ਜ਼ਮੀਨ ਗ੍ਰਹਿਣ ਕਰਨ ਦੀ ਯੋਜਨਾ ਨੂੰ ਕੇਂਦਰ ਤੇ ਸੂਬਾ ਸਰਕਾਰ ਦੀ ਸੋਚੀ-ਸਮਝੀ ਬੇਈਮਾਨੀ ਭਰੀ ਸਾਜਿਸ਼ ਕਰਾਰ ਦਿੱਤਾ।
ਉਨ੍ਹਾਂ ਹਲਕੇ ਦੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਿਸਾਨੀ ਦੇ ਹੱਕ ਵਿੱਚ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਹਲਕੇ ਦੇ ਕਿਸਾਨਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੱਡੇ ਸੰਘਰਸ਼ ਲਈ ਤਿਆਰ ਰਹਿਣ ਲਈ ਪ੍ਰੇਰਿਆ। ਸਮੂਹ ਕਿਸਾਨਾਂ ਨੇ ਇਕਸੁਰ ਹੋ ਕੇ ਕਿਹਾ ਕਿ ਉਹ ਕੌਡੀਆਂ ਦੇ ਭਾਅ ਆਪਣੀ ਜ਼ਮੀਨ ਕਿਸੇ ਨੂੰ ਨਹੀਂ ਦੇਣਗੇ ਅਤੇ ਆਪਣੀਆਂ ਜ਼ਮੀਨਾਂ ਬਚਾਉਣ ਲਈ ਵੱਡਾ ਸੰਘਰਸ਼ ਕਰਨ ਲਈ ਉਹ ਕਮਰਕੱਸੇ ਕਰ ਚੁੱਕੇ ਹਨ। ਇਸ ਦੌਰਾਨ ਇਲਾਕੇ ਦੇ ਪਿੰਡਾਂ ਦੇ ਕਿਸਾਨਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੰਘਰਸ਼ ਕਮੇਟੀ ਦਾ ਗਠਨ ਕੀਤਾ। ਮੀਟਿੰਗ ਵਿੱਚ ਕਿਸਾਨ ਸੰਘਰਸ਼ ਕਮੇਟੀ ਡੇਰਾਬੱਸੀ ਦੇ ਪ੍ਰਧਾਨ ਬਲਜਿੰਦਰ ਸਿੰਘ ਸ਼ੇਖਪੁਰਾ ਅਤੇ ਹੋਰ ਸਾਰੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਉਹ ਸੰਘਰਸ਼ ਵਿੱਚ ਕਿਸੇ ਤਰ੍ਹਾਂ ਦੇ ਦਬਾਅ ਹੇਠ ਕੰਮ ਨਹੀਂ ਕਰਨਗੇ।