ਪੱਤਰ ਪ੍ਰੇਰਕ
ਚੰਡੀਗੜ੍ਹ, 25 ਜੁਲਾਈ
ਪੰਜਾਬ ਸਰਕਾਰ ਡਰਾਈਵਰ ਤੇ ਟੈਕਨੀਕਲ ਐਂਪਲਾਈਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਪ੍ਰਧਾਨ ਗੁਰਤੇਜ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਹਾਜ਼ਰ ਅਹੁਦੇਦਾਰਾਂ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਠੇਕੇਦਾਰੀ ਸਿਸਟਮ ਰਾਹੀਂ ਗੱਡੀਆਂ ਹਾਇਰ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਤੇਜ ਸਿੰਘ, ਸੀਨੀਅਰ ਮੀਤ ਪ੍ਰਧਾਨ ਸੰਜੀਵ ਕੁਮਾਰ, ਮੀਤ ਪ੍ਰਧਾਨ ਸਰਬਜੀਤ ਸਿੰਘ, ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ, ਪ੍ਰਾਪੇਗੰਡਾ ਸਕੱਤਰ ਪਰਮਜੀਤ ਦਾਸ, ਸੰਯੁਕਤ ਸਕੱਤਰ ਬਲਕਾਰ ਸਿੰਘ ਤੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਡਰਾਈਵਰਾਂ ਦੀਆਂ ਮੰਗਾਂ ਸਬੰਧੀ ਤਰੁੱਟੀਆਂ ਨੂੰ ਦੂਰ ਕਰਵਾਉਣ ਲਈ ਗੁਰਦੀਪ ਸਿੰਘ ਜਨਰਲ ਸਕੱਤਰ ਨੂੰ ਰੂਪ-ਰੇਖਾ ਤਿਆਰ ਕਰਨ ਲਈ ਨਾਮਜ਼ਦ ਕੀਤਾ ਹੈ। ਰਿਪੋਰਟ ਤਿਆਰ ਕਰਕੇ ਤਨਖਾਹ-ਕਮਿਸ਼ਨ ਸਬੰਧਿਤ ਕਮੇਟੀ ਨਾਲ ਗੱਲਬਾਤ ਕਰਨ ਲਈ ਸਮਾਂ ਮੰਗ ਕੇ ਯੂਨੀਅਨ ਵੱਲੋਂ ਆਪਣੀ ਰਿਪੋਰਟ ਸਰਕਾਰ ਦੀ ਕਮੇਟੀ ਅੱਗੇ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਪੰਜਾਬ ਦੇ ਸਰਕਾਰੀ ਵਿਭਾਗਾਂ ’ਚ ਕੱਚੇ ਡਰਾਈਵਰਾਂ ਨੂੰ ਪੱਕੇ ਕਰਨ ਤੇ ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਅਧੀਨ ਲਿਆਉਣ ਦੀ ਮੰਗ ਕਰਦੀ ਹੈ। ਇਸ ਮੌਕੇ ਯੂਨੀਅਨ ਦੇ ਖਜ਼ਾਨਚੀ ਬਲਵਿੰਦਰ ਸਿੰਘ ਮੂਨਕ ਤੇ ਅਨਿਲ ਕੁਮਾਰ, ਸਕੱਤਰ ਲਖਵਿੰਦਰ ਸਿੰਘ ਲੱਖਾ, ਕਨਵੀਨਰ ਰਵੀ ਸੋਨੀ ਆਦਿ ਹਾਜ਼ਰ ਸਨ।