ਪੀ.ਪੀ.ਵਰਮਾ
ਪੰਚਕੂਲਾ, 27 ਅਕਤੂਬਰ
ਨੇੜਲੇ ਸ਼ਹਿਰ ਪਿੰਜੌਰ ਵਿੱਚ ਬੰਦ ਕੀਤੇ ਗਏ ਐੱਚਐੱਮਟੀ ਦੇ ਟਰੈਕਟਰ ਪਲਾਂਟ ਖ਼ਿਲਾਫ਼ ਕਰਮਚਾਰੀਆਂ ਤੇ ਇਲਾਕੇ ਦੇ ਲੋਕਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਬਿਨਾਂ ਕਿਸੇ ਨੀਤੀ ਤੋਂ ਐੱਚਐੱਮਟੀ ਦੇ ਟਰੈਕਟਰ ਪਲਾਂਟ ਨੂੰ ਬੰਦ ਕਰ ਦਿੱਤਾ ਹੈ ਅਤੇ ਇਸ ਖੇਤਰ ਦੇ ਲੱਖਾਂ ਲੋਕਾਂ ਦੀ ਰੋਟੀ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਊਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀ ਮਸ਼ੀਨਰੀ ਜੰਗ ਖਾ ਰਹੀ ਹੈ ਅਤੇ ਸਰਕਾਰ ਇਸ ਫੈਕਟਰੀ ਨੂੰ ਮੁੜ ਸੁਰਜੀਤ ਕਰੇ। ਇਸ ਮੌਕੇ ਕੇਂਦਰ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ। ਇਸ ਮੌਕੇ ਐੱਚਐੱਮਟੀ ਫੈਕਟਰੀ ਦੇ ਮੇਨ ਗੇਟ ’ਤੇ ਫੈਕਟਰੀ ਦੇ ਸਾਬਕਾ ਕਰਮਚਾਰੀਆਂ ਦੇ ਨਾਲ ਐੱਚਐੱਮਟੀ ਬਚਾਓ ਸੰਘਰਸ਼ ਕਮੇਟੀ ਦੇ ਆਗੂ ਵਿਜੇ ਬਾਂਸਲ ਸਮੇਤ ਖੇਤਰ ਦੇ ਸੈਂਕੜੇ ਲੋਕ ਸ਼ਾਮਲ ਹੋਏ। ਉਨ੍ਹਾਂ ਨੇ ਅੱਜ ਦੇ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਤੇ ਧਰਨਾ ਪ੍ਰਦਰਸ਼ਨ ਕੀਤਾ। ਇਸ ਮੁਜ਼ਾਹਰੇ ਵਿੱਚ ਐੱਨਐੱਸਯੂਆਈ ਆਰਟੀਆਈ ਸੈੱਲ ਦੇ ਕੌਮੀ ਕਨਵੀਨਰ ਦੀਪਾਂਸ਼ੂ ਬਾਂਸਲ, ਸਾਬਕਾ ਬਲਾਕ ਮੁਖੀ ਨਰੇਸ਼ ਮਾਨ, ਮਹਿਲਾ ਕਾਂਗਰਸ ਦੀ ਸੂਬਾ ਸਕੱਤਰ ਰੇਖਾ ਸ਼ਰਮਾ ਤੋਂ ਇਲਾਵਾ ਇੰਦਰਵੀਰ ਗੁਰਚਰਨ ਧੀਮਾਨ ਸਾਬਕਾ ਐਮ.ਸੀ., ‘ਆਪ’ ਤੋਂ ਜ਼ਿਲ੍ਹਾ ਪ੍ਰਧਾਨ ਸੁਰੇਂਦਰ ਰਾਠੀ, ਈਸ਼ਵਰ ਸਿੰਘ, ਬਲਜੀਤ ਬੱਲੀ, ਹਰਪ੍ਰੀਤ ਸਿੰਘ, ਕਰਮਚਾਰੀ ਯੂਨੀਅਨ ਦੇ ਸਾਬਕਾ ਮੁਖੀ ਗੁਰਦਾਸ ਤੇ ਹੋਰਨਾਂ ਨੇ ਸੰਬੋਧਨ ਕਰਦਿਆਂ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਸੰਘਰਸ਼ ਦੀ ਅਗਲੀ ਰਣਨੀਤੀ ’ਤੇ ਵੀ ਚਰਚਾ ਕੀਤੀ ਗਈ। ਰੋਸ ਪ੍ਰਦਰਸ਼ਨ ਦੌਰਾਨ ਟਰੈਕਟਰ ਪਲਾਂਟ ਮੁੜ ਚਾਲੂ ਕਰਨ ਅਤੇ ਨਵੀਂਆਂ ਸਨਅਤਾਂ ਸਥਾਪਤ ਕਰਨ ਦੀ ਮੰਗ ਪ੍ਰਮੁੱਖ ਤੌਰ ’ਤੇ ਰੱਖੀ ਗਈ ਸੀ।
ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਸਲਾਹਕਾਰ ਵਿਜੇ ਬਾਂਸਲ ਨੇ ਸਥਾਨਕ ਨੇਤਾਵਾਂ, ਸਮਾਜਿਕ ਸੰਗਠਨਾਂ ਅਤੇ ਸਿਆਸੀ ਪਾਰਟੀਆਂ ਸਣੇ ਸਥਾਨਕ ਵਾਸੀਆਂ ਦਾ ਪਾਰਟੀ ਰਾਜਨੀਤੀ ਤੋਂ ਉਪਰ ਉਠ ਕੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।