ਜਗਮੋਹਨ ਸਿੰਘ
ਘਨੌਲੀ, 7 ਅਗਸਤ
ਭਰਤਗੜ੍ਹ ਖੇਤਰ ਅਧੀਨ ਪੈਂਦੇ ਲਗਪਗ ਅੱਧੀ ਦਰਜਨ ਪਿੰਡਾਂ ਕੋਟਬਾਲਾ, ਅਵਾਨਕੋਟ, ਮਾਜਰੀ ਗੁੱਜਰਾਂ, ਆਸਪੁਰ, ਆਲੋਵਾਲ, ਕੀਮਤਪੁਰ, ਹਿੰਮਤਪੁਰ ਤੇ ਖਰੋਟਾ ਆਦਿ ਦੇ ਵਸਨੀਕਾਂ ਨੇ ਪਾਵਰਕੌਮ ਵੱਲੋਂ ਖੇਤੀਬਾੜੀ ਕੁਨੈਕਸ਼ਨਾਂ ਨੂੰ ਘਰੇਲੂ ਬਿਜਲੀ ਸਪਲਾਈ ਨਾਲੋਂ ਵੱਖ ਕਰਨ ਲਈ ਕੱਢੀਆਂ ਜਾਣ ਵਾਲੀਆਂ ਲਾਈਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਪਿੰਡ ਮਾਜਰੀ ਗੁੱਜਰਾਂ ਵਿੱਚ ਸੰਤ ਘੋੜੀ ਵਾਲਿਆਂ ਦੇ ਅਸਥਾਨ ’ਤੇ ਇਲਾਕੇ ਦੇ ਲੋਕਾਂ ਨੇ ਪਾਵਰਕੌਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਦੇ ਕਨਵੀਨਰ ਸ਼ਮਸ਼ੇਰ ਸਿੰਘ ਸ਼ੇਰਾ, ਨੰਬਰਦਾਰ ਗੁਰਮੇਲ ਸਿੰਘ ਕੋਟਬਾਲਾ, ਸਰਪੰਚ ਰਣਬੀਰ ਸਿੰਘ ਆਸਪੁਰ ਤੇ ਸਰਪੰਚ ਰਣਜੀਤ ਸਿੰਘ ਅਵਾਨਕੋਟ ਸਮੇਤ ਹੋਰਨਾਂ ਨੇ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਪਾਵਰਕੌਮ ਮਹਿਕਮੇ ਵੱਲੋਂ ਖੇਤੀਬਾੜੀ ਕੁਨੈਕਸ਼ਨਾਂ ਨੂੰ ਘਰੇਲੂ ਬਿਜਲੀ ਸਪਲਾਈ ਤੋਂ ਵੱਖ ਕੀਤਾ ਤਾਂ ਪਿੰਡਾਂ ਵਿੱਚ ਲੋਕਾਂ ਦੀਆਂ ਜ਼ਮੀਨਾਂ ਵਿੱਚ ਤਾਰਾਂ ਦਾ ਜਾਲ ਵਿੱਛ ਜਾਵੇਗਾ, ਜਿਸ ਨਾਲ ਪਹਿਲਾਂ ਹੀ ਤੰਗ ਪਿੰਡਾਂ ਦੇ ਰਸਤੇ ਹੋਰ ਤੰਗ ਹੋ ਜਾਣਗੇ।
ਲਾਈਨਾਂ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ: ਐੱਸਡੀਓ
ਸਹਾਇਕ ਇੰਜਨੀਅਰ ਪਾਵਰਕੌਮ ਸੰਚਾਲਨ ਉਪ ਮੰਡਲ ਕੀਰਤਪੁਰ ਸਾਹਿਬ ਨੇ ਕਿਹਾ ਕਿ ਖੇਤੀਬਾੜੀ ਫੀਡਰਾਂ ਦੀਆਂ ਲਾਈਨਾਂ ਵੱਖਰੀਆਂ ਹੋਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ, ਕਿਉਂਕਿ ਜੇਕਰ ਕਿਸੇ ਖੇਤੀਬਾੜੀ ਕੁਨੈਕਸ਼ਨ ਦੀ ਬਿਜਲੀ ਸਪਲਾਈ ਵਿੱਚ ਕੋਈ ਤਕਨੀਕੀ ਨੁਕਸ ਪੈਂਦਾ ਹੈ ਤਾਂ ਘਰੇਲੂ ਬਿਜਲੀ ਸਪਲਾਈ ਵੀ ਬੰਦ ਹੋ ਜਾਂਦੀ ਹੈ, ਪਰ ਜੇਕਰ ਲਾਈਨਾਂ ਵੱਖੋ ਵੱਖਰੀਆਂ ਹੋਣਗੀਆਂ ਤਾਂ ਘਰੇਲੂ ਬਿਜਲੀ ਸਪਲਾਈ ਪ੍ਰਭਾਵਿਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ ਹੈ।