ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਦਸੰਬਰ
ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਵੱਲੋਂ ਟ੍ਰਿਬਿਊਨ ਫਲਾਈਓਵਰ ਦਾ ਹਵਾਲਾ ਦੇ ਕੇ ਯੂਟੀ ਦੇ ਚੀਫ਼ ਇੰਜਨੀਅਰ ਮੁਕੇਸ਼ ਆਨੰਦ ਦੀਆਂ ਸੇਵਾਵਾਂ ਤਿੰਨ ਮਹੀਨੇ ਵਧਾਉਣ ਸਬੰਧੀ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਨੂੰ ਲਿੱਖੇ ਪੱਤਰ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਸੰਸਦ ਮੈਂਬਰ ਨੇ ਆਪਣੇ ਪੱਤਰ ਵਿੱਚ ਹਵਾਲਾ ਦਿੱਤਾ ਕਿ ਟ੍ਰਿਬਿਊਨ ਫਲਾਈਓਵਰ ਦਾ ਕਾਰਜ ਪਹਿਲੇ ਦਿਨ ਤੋਂ ਚੀਫ਼ ਇੰਜਨੀਅਰ ਮੁਕੇਸ਼ ਆਨੰਦ ਨੇ ਸੰਭਾਲਿਆ ਹੈ, ਜਿਨ੍ਹਾਂ 31 ਦਸੰਬਰ ਨੂੰ ਸੇਵਾ ਮੁਕਤ ਹੋ ਜਾਣਾ ਹੈ। ਉਨ੍ਹਾਂ ਦੀਆਂ ਸੇਵਾਵਾਂ ਦੀ ਕੁਝ ਸਮਾਂ ਹੋਰ ਲੋੜ ਹੈ। ਇਸ ਲਈ ਚੀਫ਼ ਇੰਜਨੀਅਰ ਮੁਕੇਸ਼ ਆਨੰਦ ਦੀਆਂ ਸੇਵਾਵਾਂ ਵਿੱਚ ਤਿੰਨ ਮਹੀਨੇ ਦਾ ਵਾਧਾ ਕੀਤਾ ਜਾਵੇ।
ਸੰਸਦ ਮੈਂਬਰ ਦੇ ਸਿਫਾਰਿਸ਼ ਦਾ ਵਿਰੋਧ ਕਰਦਿਆਂ ‘ਆਪ’ ਚੰਡੀਗੜ੍ਹ ਦੇ ਕਨਵੀਨਰ ਪ੍ਰੇਮ ਗਰਗ ਨੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੂੰ ਪੱਤਰ ਲਿੱਖ ਕੇ ਮੁਕੇਸ਼ ਆਨੰਦ ਦੀਆਂ ਸੇਵਾਵਾਂ ਵਧਾਉਣ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਰਾਜਨੀਤੀਕ ਕਾਰਨਾਂ ਦੇ ਚਲਦਿਆਂ ਯੋਗ ਅਧਿਕਾਰੀਆਂ ਦੀ ਪ੍ਰਮੋਸ਼ਨ ’ਤੇ ਰੋਕ ਲਗਾਉਣਾ ਗਲਤ ਹੈ। ਸ੍ਰੀ ਗਰਗ ਨੇ ਕਿਹਾ ਕਿ ਟ੍ਰਿਬਿਊਨ ਫਲਾਈਓਵਰ ਪ੍ਰਾਜੈਕਟ ਗਲਤ ਯੋਜਨਾ ਹੈ, ਜਿਸ ਦਾ ਹਰ ਕਿਸੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਇਹ ਪ੍ਰਾਜੈਕਟ ਤਿੰਨ ਮਹੀਨਿਆਂ ’ਚ ਪੂਰਾ ਨਹੀਂ ਹੋਵੇਗਾ।
ਦੂਜੇ ਪਾਸੇ ਫਲਾਈਓਵਰ ਬਣਾਉਣ ਲਈ ਕੱਟੇ ਜਾਣ ਵਾਲੇ ਦਰੱਖ਼ਤਾਂ ਦਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵਿਰੋਧ ਕਰਨ ਵਾਲੇ ‘ਰਨ ਕਲੱਬ’ ਦੇ ਆਗੂਆਂ ਦਾ ਕਹਿਣਾ ਹੈ ਕਿ ਟ੍ਰਿਬਿਊਨ ਫਲਾਈਓਵਰ ਪ੍ਰਾਜੈਕਟ ਹਾਲੇ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਉਨ੍ਹਾਂ ਕਿਹਾ ਕਿ ਮੁਕੇਸ਼ ਆਨੰਦ ਟ੍ਰਿਬਿਊਨ ਫਲਾਈਓਵਰ ਦੇ ਪੱਖ ਵਿੱਚ ਹੈ, ਜਿਸ ਦੀ ਤਰੱਕੀ ਵੀ ਕੁਝ ਸਮੇਂ ਵਿੱਚ ਹੋਣ ਵਾਲੀ ਹੈ। ਇਸ ਲਈ ਉਹ ਟ੍ਰਿਬਿਊਨ ਫਲਾਈਓਵਰ ਦੀ ਆੜ ਵਿੱਚ ਨਿੱਜੀ ਲਾਭ ਲੈਣਾ ਚਾਹੁੰਦਾ ਹੈ।