ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 13 ਨਵੰਬਰ
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਦੇ ਸੱਦੇ ’ਤੇ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਕੂਲ ਵੈਨ ਅਪਰੇਟਰਾਂ, ਚਾਲਕਾਂ ਅਤੇ ਕੰਡਕਟਰਾਂ ਨੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸੜਕ ਕਿਨਾਰੇ ਸਕੂਲ ਵੈਨਾਂ ਖੜ੍ਹੀਆਂ ਕਰਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਜਥੇਬੰਦੀ ਦੇ ਆਗੂ ਮਨਜੀਤ ਸਿੰਘ ਨੇ ਦੱਸਿਆ ਕਿ ਸੂਬੇ ਭਰ ’ਚ ਸੇਵਾਵਾਂ ਦੇ ਰਹੇ ਸਕੂਲ ਵੈਨ ਅਪਰੇਟਰਾਂ ਦਾ ਕਾਰੋਬਾਰ ਕੋਵਿਡ ਮਹਾਮਾਰੀ ਦੌਰਾਨ ਲੰਬਾ ਸਮਾਂ ਵਿਦਿਅਕ ਅਦਾਰੇ ਬੰਦ ਰਹਿਣ ਕਾਰਨ ਤਬਾਹੀ ਦੇ ਕੰਢੇ ’ਤੇ ਪਹੁੰਚ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਕੂਲ ਵੈਨ ਅਪਰੇਟਰਾਂ ਨੂੰ ਇਸ ਮਹਾਮਾਰੀ ਦੌਰਾਨ ਕੋਈ ਰਾਹਤ ਨਹੀਂ ਦਿੱਤੀ ਗਈ ਜਿਸ ਕਾਰਨ ਪਹਿਲਾਂ ਹੀ ਘਾਟਾ ਝੱਲ ਰਹੇ ਸਕੂਲ ਵੈਨ ਅਪਰੇਟਰਾਂ ’ਤੇ ਟੈਕਸਾਂ ਦਾ ਹੋਰ ਬੋਝ ਪੈ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਕੂਲ ਵੈਨਾਂ ਦਾ ਟੈਕਸ ਤੁਰੰਤ ਮੁਆਫ ਕੀਤਾ ਜਾਵੇ, ਕਿਰਤੀ ਮਜ਼ਦੂਰਾਂ ਵਾਂਗ ਸਕੂਲ ਵੈਨਾਂ ਦੇ ਚਾਲਕਾਂ ਅਤੇ ਕੰਡਕਟਰਾਂ ਦੇ ਵੀ ਸਿਹਤ ਬੀਮਾ ਕਾਰਡ ਬਣਾਏ ਜਾਣ, ਹਰਿਆਣਾ ਅਤੇ ਹਿਮਾਚਲ ਸੂਬੇ ਦੀ ਤਰਜ਼ ’ਤੇ ਟੈਕਸ ਪਾਲਿਸੀ ਬਣਾਈ ਜਾਵੇ।
ਇਸ ਮੌਕੇ ਮੇਜਰ ਸਿੰਘ, ਤੇਜਾ ਸਿੰਘ, ਹਰਜੀਤ ਸਿੰਘ, ਸੂਰਤ ਸਿੰਘ, ਹਰਨੇਕ ਸਿੰਘ ਅਤੇ ਜੈ ਸਿੰਘ ਆਦਿ ਹਾਜ਼ਰ ਸਨ।
ਪੇਡ ਪਾਰਕਿੰਗ ਖ਼ਿਲਾਫ਼ ਨਿੱਤਰੇ ਪੰਚਕੂਲਾ ਵਾਸੀ
ਪੰਚਕੂਲਾ (ਪੀ.ਪੀ. ਵਰਮਾ): ਇਥੋਂ ਦੇ ਸੈਕਟਰ-20 ਦੇ ਵਸਨੀਕਾਂ ਨੇ ਮਾਰਕੀਟ ਵਿੱਚ ਪੇਡ ਪਾਰਕਿੰਗ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀ ਪਹਿਲਾਂ ਸੈਕਟਰ-20 ਕਮਿਊਨਿਟੀ ਸੈਂਟਰ ਦੇ ਬਾਹਰ ਇਕੱਠੇ ਹੋਏ ਅਤੇ ਇਸ ਮਗਰੋਂ ਨਿਗਮ ਦਫ਼ਤਰ ਸੈਕਟਰ-14 ਦੇ ਸਾਹਮਣੇ ਮੁਜ਼ਾਹਰਾ ਕੀਤਾ। ਇਸ ਮੌਕੇ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ-20 ਦੇ ਵਾਈਸ ਪ੍ਰਧਾਨ ਯੋਗਿੰਦਰ ਕਵਾਤੜਾ ਅਤੇ ਜਨਰਲ ਸਕੱਤਰ ਅਭਿਨਾਸ਼ ਮਲਿਕ ਅਤੇ 105 ਨੰਬਰ ਸੁਸਾਇਟੀ ਦੇ ਸੀਨੀਅਰ ਸਿਟੀਜ਼ਨ ਸੁਮਨ ਬੱਤਾ ਨੇ ਦੱਸਿਆ ਕਿ ਨਿਗਮ ਨੇ ਪੇਡ ਪਾਰਕਿੰਗ ਲਗਾ ਕੇ ਲੋਕਾਂ ਉੱਤੇ ਆਰਥਿਕ ਬੋਝ ਪਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੇਡ ਪਾਰਕਿੰਗ ਨਾ ਹਟਾਈ ਗਈ ਤਾਂ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਮੌਕੇ ਪੰਚਕੂਲਾ ਵਿਕਾਸ ਮੰਚ ਦੇ ਅਹੁਦੇਦਾਰ ਦੇਵ ਰਾਜ ਸ਼ਰਮਾ, ਸ਼ੀਮਾ ਭਾਰਦਵਾਜ, ਸਾਬਕਾ ਮੇਅਰ ਉਪਿੰਦਰ ਕੌਰ ਆਹਲੂਵਾਲੀਆ ਨੇ ਕਿਹਾ ਕਿ ਸੈਕਟਰ-14 ਅਤੇ ਸੈਕਟਰ-20 ਵਿੱਚ ਸ਼ੁਰੂ ਹੋਈ ਪੇਡ ਪਾਰਕਿੰਗ ਦੀ ਯੋਜਨਾ ਗਲਤ ਹੈ।