ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 27 ਅਕਤੂਬਰ
ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਲਈ ਵਿਛਾਈ ਲਾਈਨ ਦੇ ਮੈਨਹੋਲ ਥਾਂ-ਥਾਂ ’ਤੇ ਖੁੱਲ੍ਹੇ ਪਏ ਹਨ, ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਸ਼ਹਿਰ ਵਾਸੀਆਂ ਵੱਲੋਂ ਲੰਮੇਂ ਸਮੇਂ ਤੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਨ੍ਹਾਂ ਖੁੱਲ੍ਹੇ ਪਏ ਮੈਨਹੋਲਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਉਹ ਇਸ ਪਾਸੇ ਗੰਭੀਰਤਾ ਨਹੀਂ ਦਿਖਾ ਰਹੇ। ਇਸ ਦਾ ਕੋਈ ਹੱਲ ਨਾ ਹੁੰਦਾ ਦੇਖ ਸ਼ਹਿਰ ਵਾਸੀਆਂ ਵੱਲੋਂ ਹਾਦਸਿਆਂ ਨੂੰ ਰੋਕਣ ਲਈ ਆਪਣੇ ਪੱਧਰ ’ਤੇ ਆਰਜ਼ੀ ਪ੍ਰਬੰਧ ਕਰ ਕੇ ਖੁੱਲ੍ਹੇ ਪਏ ਮੈਨਹੋਲਾਂ ’ਤੇ ਡੰਡੇ ਅਤੇ ਝਾੜੀਆਂ ਲਗਾ ਕੇ ਸੁਚੇਤ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਜ਼ਿਆਦਾਤਰ ਮੈਲਹੋਲਾਂ ਤੋਂ ਢੱਕਣ ਗਾਇਬ ਹੋ ਗਏ ਹਨ। ਗੱਲ ਕਰਨ ’ਤੇ ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਨੇ ਦਾਅਵਾ ਕੀਤਾ ਕਿ ਛੇਤੀ ਅਧਿਕਾਰੀਆਂ ਨੂੰ ਹਦਾਇਤ ਕਰਕੇ ਪਹਿਲ ਦੇ ਆਧਾਰ ’ਤੇ ਸ਼ਹਿਰ ਵਿੱਚ ਸਾਰੇ ਮੈਨਹੋਲ ਬੰਦ ਕਰਵਾਏ ਜਾਣਗੇ।
ਬਨੂੜ ਦੇ ਸਟੇਡੀਅਮ ਦੀ ਹਾਲਤ ਖਸਤਾ
ਬਨੂੜ (ਪੱਤਰ ਪ੍ਰੇਰਕ): ਬਨੂੜ ਦੇ ਇਕਲੌਤੇ ਸ਼ਹੀਦ ਊਧਮ ਸਿੰਘ ਬਹੁ-ਮੰਤਵੀ ਸਟੇਡੀਅਮ ਵਿੱਚ ਘਾਹ ਅਤੇ ਬੂਟੀ ਨੇ ਜੰਗਲ ਦਾ ਰੂਪ ਧਾਰਨ ਕਰ ਲਿਆ। ਥਾਂ-ਥਾਂ ਪਏ ਟੋਇਆਂ ਅਤੇ ਟਰੈਕ ਨੇੜੇ ਹੁੰਦੀ ਪਾਣੀ ਦੀ ਲੀਕੇਜ ਕਾਰਨ ਰੋਜ਼ਾਨਾ ਅਭਿਆਸ ਕਰਨ ਆਉਂਦੇ ਖਿਡਾਰੀ ਅਤੇ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਨੂੜ ਦੇ ਬਿਲਕੁਲ ਸਾਹਮਣੇ ਪੈਂਦੇ ਇਸ ਸਟੇਡੀਅਮ ਦੀ ਹੁਣ ਤੱਕ ਸਕੂਲੀ ਵਿਦਿਆਰਥੀ ਖੇਡ ਗਰਾਊਂਡ ਵਜੋਂ ਵਰਤੋਂ ਕਰਦੇ ਆ ਰਹੇ ਸਨ। ਸਟੇਡੀਅਮ ਦੀ ਤਰਸਯੋਗ ਹਾਲਤ ਕਾਰਨ ਐਤਕੀਂ ਬਨੂੜ ਵਿੱਚ ਹੋਈਆਂ ਬਲਾਕ ਤੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵੀ ਇਸ ਸਟੇਡੀਅਮ ਵਿੱਚ ਨਹੀਂ ਹੋ ਸਕੀਆਂ ਤੇ ਸਕੂਲ ਪ੍ਰਬੰਧਕਾਂ ਨੂੰ ਇਹ ਖੇਡਾਂ ਸਕੂਲ ਦੇ ਅਹਾਤੇ ਦੇ ਅੰਦਰ ਹੀ ਕਰਾਉਣੀਆਂ ਪਈਆਂ। ਪਿਛਲੀ ਸਰਕਾਰ ਸਮੇਂ ਤਤਕਾਲੀ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਨਿੱਜੀ ਅਤੇ ਸਰਕਾਰੀ ਗਰਾਂਟ ਰਾਹੀਂ ਇਸ ਸਟੇਡੀਅਮ ਉੱਤੇ ਵੱਡੀ ਰਾਸ਼ੀ ਖਰਚ ਕਰਕੇ ਇਸ ਵਿੱਚ ਟਰੈਕ, ਫੁਟਬਾਲ, ਬਾਸਕਿਟਬਾਲ ਆਦਿ ਦੇ ਮੈਦਾਨਾਂ ਤੋਂ ਇਲਾਵਾ ਸਟਰੀਟ ਲਾਈਟਾਂ, ਪੌੜੀਆਂ ਤੇ ਹੋਰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਸਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕਾਂਗਰਸ ਘਾਹ ਅਤੇ ਹੋਰ ਘਾਹ-ਫੂਸ ਦੀਆਂ ਬੂਟੀਆਂ ਕਾਰਨ ਕਈ ਤਰ੍ਹਾਂ ਦੇ ਕੀੜੇ ਮਕੌੜੇ ਪੈਦਾ ਹੋ ਗਏ ਹਨ। ਬਨੂੜ ਸ਼ਹਿਰ ਅਤੇ ਆਲੇ ਦੁਆਲੇ ਦੇ ਖੇਤਰ ਵਿੱਚ ਹਰਿਆਲੀ ਲਈ ਵੱਖ-ਵੱਖ ਪ੍ਰਾਜੈਕਟ ਚਲਾ ਰਹੀ ਬਨੂੜ ਦੇ ਨੌਜਵਾਨਾਂ ਵੱਲੋਂ ਬਣਾਈ ਹੋਈ ਯੂਥ ਕੇਸਰੀ ਟੀਮ ਨੇ ਸਟੇਡੀਅਮ ਦੀ ਹਾਲਤ ਸੁਧਾਰੇ ਜਾਣ ਲਈ ਸੰਘਰਸ਼ ਦਾ ਐਲਾਨ ਕੀਤਾ ਹੈ। ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਸ਼ਾਹੀ ਨੇ ਆਖਿਆ ਕਿ ਬਰਸਾਤ ਕਾਰਨ ਦੁਬਾਰਾ ਘਾਹ ਫੂਸ ਉੱਗ ਆਇਆ ਹੈ, ਜਿਸ ਨੂੰ ਜਲਦੀ ਹੀ ਸਾਫ਼ ਕਰਾ ਦਿੱਤਾ ਜਾਵੇਗਾ।