
ਜੀਐੱਮਸੀਐੱਚ-32 ਦੇ ਸੈਕਟਰ 48 ਸਥਿਤ ਉੱਤਰੀ ਕੈਂਪਸ ਵਿੱਚ ਓਪੀਡੀ ਸੇਵਾਵਾਂ ਦੀ ਸ਼ੁਰੂਆਤ ਕਰਦੇ ਹੋਏ ਸੁਧੀਰ ਗਰਗ।
ਪੱਤਰ ਪ੍ਰੇਰਕ
ਚੰਡੀਗੜ੍ਹ, 1 ਦਸੰਬਰ
ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਦੇ ਸੈਕਟਰ 48 ਸਥਿਤ ਉੱਤਰੀ ਕੈਂਪਸ ਵਿੱਚ ਮਰੀਜ਼ਾਂ ਲਈ ਓ.ਪੀ.ਡੀ. ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਓ.ਪੀ.ਡੀ. ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਕੱਤਰ (ਸਿਹਤ)-ਕਮ-ਸਕੱਤਰ (ਮੈਡੀਕਲ ਸਿੱਖਿਆ ਤੇ ਖੋਜ) ਯਸ਼ਪਾਲ ਗਰਗ ਵੱਲੋਂ ਕੀਤਾ ਗਿਆ। ਇਸ ਮੌਕੇ ਵਾਰਡ ਕੌਂਸਲਰ ਰਾਜਿੰਦਰ ਕੁਮਾਰ ਸ਼ਰਮਾ, ਡਾਇਰੈਕਟਰ ਪ੍ਰਿੰਸੀਪਲ (ਜੀ.ਐਮ.ਸੀ.ਐਚ.) ਪ੍ਰੋ. ਜਸਬਿੰਦਰ ਕੌਰ, ਮੈਡੀਕਲ ਸੁਪਰਡੈਂਟ (ਜੀ.ਐਮ.ਸੀ.ਐਚ.) ਪ੍ਰੋ. ਸੁਧੀਰ ਗਰਗ ਹਾਜ਼ਰ ਸਨ।
ਸ੍ਰੀ ਗਰਗ ਨੇ ਕਿਹਾ ਕਿ ਉੱਤਰੀ ਕੈਂਪਸ ਵਿੱਚ ਓ.ਪੀ.ਡੀ. ਸੇਵਾਵਾਂ ਸ਼ੁਰੂ ਹੋ ਜਾਣ ਨਾਲ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ। ਦੱਸਣਯੋਗ ਹੈ ਕਿ ਉੱਤਰੀ ਕੈਂਪਸ ਵਿੱਚ ਓ.ਪੀ.ਡੀਜ਼ ਚਾਲੂ ਕੀਤੇ ਜਾਣ ਦਾ ਮਸਲਾ ਇਲਾਕਾ ਕੌਂਸਲਰ ਰਜਿੰਦਰ ਕੁਮਾਰ ਸ਼ਰਮਾ ਵੱਲੋਂ ਚੁੱਕਿਆ ਗਿਆ ਸੀ। ਉਨ੍ਹਾਂ ਨੇ 24 ਨਵੰਬਰ ਨੂੰ ਪ੍ਰਸ਼ਾਸਕ ਦੇ ਸਲਾਹਕਾਰ ਨਾਲ ਮੁਲਾਕਾਤ ਕਰਕੇ ਇਹ ਮੰਗ ਰੱਖੀ ਸੀ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਲਾਹਕਾਰ ਨੇ ਜੀ.ਐਮ.ਸੀ.ਐਚ. ਅਥਾਰਿਟੀ ਨੂੰ ਤੁਰੰਤ ਇਸ ਪਾਸੇ ਵੱਲ ਧਿਆਨ ਦੇਣ ਦੀ ਹਦਾਇਤ ਦਿੱਤੀ ਸੀ।
ਚਾਰ ਵਿਭਾਗਾਂ ਦੀਆਂ ਓਪੀਡੀ ਹੋਈਆਂ ਚਾਲੂ
ਚਾਰ ਵਿਭਾਗਾਂ ਜਨਰਲ ਮੈਡੀਸਿਨ, ਜਨਰਲ ਸਰਜਰੀ, ਪੀਡੀਆਟ੍ਰਿਕਸ ਅਤੇ ਆਰਥੋਪੀਡਿਕਸ ਦੀ ਓ.ਪੀ.ਡੀ. ਅੱਜ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ, ਚਮੜੀ ਵਿਗਿਆਨ, ਰੇਡੀਏਸ਼ਨ ਓਨਕੋਲੋਜੀ, ਤਪਦਿਕ ਅਤੇ ਰੈਸਪਿਰੇਟਰੀ ਮੈਡੀਸਿਨ ਅਤੇ ਮਨੋਵਿਗਿਆਨ ਵਿਭਾਗ ਆਪਣੇ ਫਾਲੋ-ਅੱਪ ਮਰੀਜ਼ਾਂ ਦੀ ਓ.ਪੀ.ਡੀ. ਚਲਾ ਸਕਣਗੇ। ਇਹ ਓ.ਪੀ.ਡੀਜ਼. ਸਬੰਧਿਤ ਵਿਭਾਗਾਂ ਦੇ ਕੰਸਲਟੈਂਟਾਂ ਅਤੇ ਰੈਜ਼ੀਡੈਂਟਸ ਵੱਲੋਂ ਚਲਾਈਆਂ ਜਾਣਗੀਆਂ। ਓ.ਪੀ.ਡੀ. ਦਾ ਸਮਾਂ ਸਵੇਰੇ 10.00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਹੋਵੇਗਾ। ਰਜਿਸਟ੍ਰੇਸ਼ਨ ਸਵੇਰੇ 9.00 ਵਜੇ ਸਵੇਰੇ 11.00 ਵਜੇ ਤੋਂ ਖੁੱਲ੍ਹੀ ਰਹੇਗੀ। ਓ.ਪੀ.ਡੀਜ਼ ਵਿੱਚ ਐਕਸਰੇਅ, ਸੈਂਪਲ ਕੁਲੈਕਸ਼ਨ ਅਤੇ ਫਾਰਮੇਸੀ ਦੀਆਂ ਸਹੂਲਤਾਂ ਵੀ ਹੋਣਗੀਆਂ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ