ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 18 ਜੂਨ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਅੱਜ ਤੋਂ ਚੌਥੀ ਤੋਂ ਅੱਠਵੀਂ ਜਮਾਤ ਲਈ ਪੰਜਾਬੀ ਦੀ ਆਨਲਾਈਨ ਪੜ੍ਹਾਈ ਸ਼ੁਰੂ ਹੋ ਗਈ ਹੈ ਜਦੋਂਕਿ ਕਰੋਨਾ ਕਾਰਨ ਪਿਛਲੇ ਸਾਲ ਵਿਦਿਆਰਥੀਆਂ ਨੂੰ ਪੰਜਾਬੀ ਦੀ ਪਾਠ ਸਮੱਗਰੀ ਤੋਂ ਬਿਨਾਂ ਹੀ ਪੜ੍ਹਾਇਆ ਗਿਆ ਸੀ। ਹੁਣ ਚੰਡੀਗੜ੍ਹ ਦੇ ਸਾਰੇ 115 ਸਰਕਾਰੀ ਸਕੂਲਾਂ ਵਿੱਚ ਅੱਜ ਤੋਂ ਸੈਂਟਰਲਾਈਜ਼ਡ ਪੰਜਾਬੀ ਦੀਆਂ ਜਮਾਤਾਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਨਾਲ ਪੰਜਾਬੀ ਪੜ੍ਹਦੇ ਵਿਦਿਆਰਥੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬੀ ਵਿਚ ਪਾਠ ਸਮੱਗਰੀ ਨਾ ਮਿਲਣ ਦੀ ਖ਼ਬਰ ‘ਪੰਜਾਬੀ ਟ੍ਰਿਬਿਊਨ’ ਵੱਲੋਂ ਪਿਛਲੇ ਸਾਲ ਪ੍ਰਕਾਸ਼ਿਤ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਕਰੋਨਾ ਕਾਰਨ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਹੋਰ ਸਾਰੇ ਵਿਸ਼ੇ ਤੇ ਭਾਸ਼ਾਵਾਂ ਦੀ ਪਾਠ ਸਮੱਗਰੀ ਉਪਲਬਧ ਸੀ ਪਰ ਪਿਛਲੇ ਸਾਲ ਪੰਜਾਬੀ ਦੀ ਪਾਠ ਸਮੱਗਰੀ ਨਾ ਹੋਣ ਕਾਰਨ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਕਹਿ ਦਿੱਤਾ ਸੀ ਕਿ ਉਹ ਆਪਣੇ ਹਿਸਾਬ ਨਾਲ ਹੀ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣ। ਇਹ ਸਮੱਸਿਆ ਸਾਹਮਣੇ ਆਉਣ ਤੋਂ ਬਾਅਦ ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਪੰਜਾਬੀ ਦੀ ਪਾਠ ਸਮੱਗਰੀ ਤਿਆਰ ਕਰਨ ਲਈ 25 ਮੈਂਬਰੀ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਹੁਣ ਪਾਠ ਸਮੱਗਰੀ ਤਿਆਰ ਕਰ ਲਈ ਹੈ। ਇਸ ਟੀਮ ਵਿਚ ਪੰਜਾਬੀ ਅਧਿਆਪਕ, ਜੇਬੀਟੀ ਅਧਿਆਪਕ, ਕਲੱਸਟਰ ਰਿਸੋਰਸ ਪਰਸਨ ਤੇ ਯੂਆਰਸੀ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟੀਮ ਮੈਂਬਰ ਆਪਣੇ ਪੱਧਰ ’ਤੇ ਪੰਜਾਬੀ ਦੇ ਵੀਡੀਓਜ਼ ਤਿਆਰ ਕਰਦੇ ਹਨ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਹੁਣ ਆਨਲਾਈਨ ਪੜ੍ਹਾਏ ਜਾਣ ਵਾਲੇ ਟਾਈਮ ਟੇਬਲ ਵਿਚ ਵੀ ਪੰਜਾਬੀ ਰੱਖੀ ਗਈ ਹੈ। ਤੀਜੀ ਤੋਂ ਪੰਜਵੀਂ ਜਮਾਤ ਲਈ ਸੋਮਵਾਰ ਨੂੰ ਈਵੀਐਸ, ਮੰਗਲਵਾਰ ਨੂੰ ਹਿੰਦੀ, ਬੁੱਧਵਾਰ ਨੂੰ ਅੰਗਰੇਜ਼ੀ, ਵੀਰਵਾਰ ਨੂੰ ਗਣਿਤ ਤੇ ਸ਼ੁੱਕਰਵਾਰ ਨੂੰ ਪੰਜਾਬੀ ਪੜ੍ਹਾਈ ਜਾਵੇਗੀ ਜਦੋਂਕਿ ਛੇਵੀਂ ਤੋਂ ਅੱਠਵੀਂ ਜਮਾਤ ਲਈ ਪੰਜਾਬੀ ਲਈ ਸ਼ਨਿੱਚਰਵਾਰ ਦਿਨ ਨਿਰਧਾਰਿਤ ਕੀਤਾ ਗਿਆ ਹੈ।
ਇੱਥੋਂ ਦੇ ਸਰਕਾਰੀ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਸਰਤਾਜ ਸਿੰਘ ਨੇ ਦੱਸਿਆ ਕਿ ਅੱਜ ਪਹਿਲੀ ਵਾਰ ਪੰਜਾਬੀ ਆਨਲਾਈਨ ਪੜ੍ਹਾਈ ਗਈ। ਉਸ ਨੇ ਦੱਸਿਆ ਕਿ ਪੁਸਤਕ ਦੇ ਚੈਪਟਰ ਨੂੰ ਵੀਡੀਓ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿਸ ਨਾਲ ਮੁਸ਼ਕਲ ਵੀ ਨਹੀਂ ਆ ਰਹੀ ਤੇ ਉਨ੍ਹਾਂ ਦੀ ਪੜ੍ਹਨ ਵਿਚ ਰੁਚੀ ਵੀ ਬਣ ਰਹੀ ਹੈ।
ਵਿਸ਼ੇ ਦਾ 70 ਤੋਂ 80 ਫ਼ੀਸਦੀ ਸਿਲੇਬਸ ਤਿਆਰ: ਬਰਾੜ
ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬੀ ਪੜ੍ਹਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਮੱਗਰੀ ਤਿਆਰ ਕਰਵਾਈ ਗਈ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਚੌਥੀ ਤੋਂ ਅੱਠਵੀਂ ਜਮਾਤ ਵਿਚ ਆਨਲਾਈਨ ਪੜ੍ਹਾਉਣ ਲਈ 70 ਤੋਂ 80 ਫ਼ੀਸਦੀ ਸਿਲੇਬਸ ਅਨੁਸਾਰ ਵੀਡੀਓਜ਼ ਤੇ ਆਡੀਓਜ਼ ਤਿਆਰ ਕਰ ਲਏ ਗਏ ਹਨ।
ਵੀਡੀਓ ਅਤੇ ਆਡੀਓ ਦੇ ਜ਼ਰੀਏ ਹੋਈ ਪੜ੍ਹਾਈ
ਸਰਕਾਰੀ ਸਕੂਲਾਂ ਵਿਚ ਅਧਿਆਪਕ ਹੁਣ ਵਿਦਿਆਰਥੀਆਂ ਨੂੰ ਵੀਡੀਓ ਤੇ ਆਡੀਓ ਫਾਈਲਾਂ ਭੇਜ ਰਹੇ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਵਰਕਿੰਗ ਸ਼ੀਟਸ, ਰਿਵੀਜ਼ਨ ਟੈਸਟ ਵੀ ਭੇਜੇ ਜਾ ਰਹੇ ਹਨ। ਅਧਿਆਪਕਾਂ ਨੂੰ ਕਿਹਾ ਗਿਆ ਹੈ ਕਿ ਉਹ ਸਿਰਫ਼ ਆਡੀਓ ਤੇ ਵੀਡੀਓ ਹੀ ਨਾ ਭੇਜਣ ਬਲਕਿ ਜ਼ੂਮ ਜਾਂ ਗੂਗਲ ਰਾਹੀਂ ਵਿਦਿਆਰਥੀਆਂ ਨਾਲ ਆਨਲਾਈਨ ਵੀ ਜੁੜਨ ਤੇ ਵਿਦਿਆਰਥੀਆਂ ਨੂੰ ਕਿਸੇ ਵੀ ਵੀਡੀਓ ਜਾਂ ਸਮੱਗਰੀ ਪੜ੍ਹਨ ਵਿਚ ਸਮੱਸਿਆ ਆਉਂਦੀ ਹੈ ਤਾਂ ਇਸ ਨੂੰ ਨਾਲ ਦੀ ਨਾਲ ਹੱਲ ਕਰਨ।