ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 7 ਸਤੰਬਰ
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਟੀ-20 ਤਿੰਨ ਸੀਰੀਜ਼ ਮੈਚਾਂ ਦੀ ਲੜੀ ਦਾ 20 ਸਤੰਬਰ ਨੂੰ ਮੁਹਾਲੀ ਦੇ ਪੀ.ਸੀ.ਏ. ਸਟੇਡੀਅਮ ਵਿਖੇ ਹੋਣ ਵਾਲੇ ਪਹਿਲੇ ਕ੍ਰਿਕਟ ਮੈਚ ਲਈ ਪੀਸੀਏ ਨੇ ਪੇਟੀਐਮ ਨੂੰ ਟਿਕਟਿੰਗ ਪਾਰਟਨਰ ਘੋਸ਼ਿਤ ਕੀਤਾ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਗੁਲਜ਼ਾਰਇੰਦਰ ਸਿੰਘ ਚਾਹਲ ਨੇ ਦੱਸਿਆ ਕਿ ਪੇਟੀਐਮ ’ਤੇ ਟਿਕਟਾਂ ਦੀ ਆਨਲਾਈਨ ਵਿਕਰੀ 11 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਟਿਕਟਾਂ ਦੀ ਵਿਕਰੀ ਭਾਵੇਂ ਆਨਲਾਈਨ ਕੀਤੀ ਜਾਵੇਗੀ, ਪਰ ਵਿਦਿਆਰਥੀ ਲਈ ਟਿਕਟਾਂ ਪੀਸੀਏ ਕਾਊਂਟਰਾਂ ਤੇ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਪਛਾਣ ਪੱਤਰ ਦਿਖਾਉਣ ’ਤੇ 300 ਰੁਪਏ ਵਿਚ ਟਿਕਟ ਉਪਲਬਧ ਹੋਵੇਗੀ। ਬਾਕੀ ਟਿਕਟਾਂ ਦੇ ਰੇਟ 7500 ਤੋਂ ਲੈ ਕੇ ਪੰਦਰਾਂ ਸੌ ਤੱਕ ਹੋਣਗੇ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੈਚ ਦੀਆਂ ਤਿਆਰੀਆਂ ਸਬੰਧੀ ਚੰਡੀਗੜ੍ਹ ਵਿਖੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਪ੍ਰਧਾਨ ਸ੍ਰੀ ਚਾਹਲ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਪੰਜਾਬ ਸਰਕਾਰ ਤੋਂ ਮੈਚ ਦੌਰਾਨ ਪੂਰੀ ਸੁਰੱਖਿਆ ਅਤੇ ਪ੍ਰਬੰਧਾਂ ਵਿਚ ਸਹਿਯੋਗ ਕਰਨ ਦੀ ਮੰਗ ਕੀਤੀ ਗਈ। ਇਸ ਮੀਟਿੰਗ ਵਿੱਚ ਰਾਜ ਸਭਾ ਮੈਂਬਰ ਰਾਘਵ ਚੱਢਾ, ਹਰਭਜਨ ਸਿੰਘ ਤੋਂ ਇਲਾਵਾ ਪੀਸੀਏ ਦੇ ਸਮੁੱਚੇ ਅਹੁਦੇਦਾਰ ਮੌਜੂਦ ਸਨ।