ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਜੁਲਾਈ
ਯੂਟੀ ਦੇ ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਨੂੰ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਦੇਣ ਲਈ ਸੀਮਤ ਸਕਰੀਨ ਟਾਈਮ ਅਨੁਸਾਰ ਹੀ ਕੰਮ ਕਰਵਾਇਆ ਜਾਵੇ। ਇਹ ਹਦਾਇਤਾਂ ਕੇਂਦਰ ਵੱਲੋਂ ਸੂਬਿਆਂ ਨੂੰ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਜਾਰੀ ਕੀਤੀਆਂ ਗਈਆਂ ਹਨ। ਦੂਜੇ ਪਾਸੇ ਸਕੂਲ ਦੇ ਅਧਿਆਪਕਾਂ ਨੇ ਸੀਮਤ ਸਕਰੀਨ ਟਾਈਮ ਤੋਂ ਨਾਖੁਸ਼ ਹੁੰਦਿਆਂ ਕਿਹਾ ਕਿ ਇਸ ਨਾਲ ਸਿਲੇਬਸ ਕਵਰ ਕਰਨ ਵਿੱਚ ਸਮੱਸਿਆ ਆਵੇਗੀ।
ਇਸ ਤੋਂ ਪਹਿਲਾਂ ਕੇਂਦਰ ਦੇ ਸਿੱਖਿਆ ਮੰਤਰਾਲੇ ਨੇ ਪੱਤਰ ਜਾਰੀ ਕਰ ਕੇ ਕਿਹਾ ਸੀ ਕਿ ਸੂਬਿਆਂ ਦੇ ਸਕੂਲਾਂ ਵਿੱਚੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸਕੂਲ ਲਾਈਵ ਜਮਾਤਾਂ ਰਾਹੀਂ ਵਿਦਿਆਰਥੀਆਂ ’ਤੇ ਵਾਧੂ ਬੋਝ ਪਾ ਰਹੇ ਹਨ। ਇਸ ਤੋਂ ਇਲਾਵਾ ਉਹ ਵਿਦਿਆਰਥੀਆਂ ਨੂੰ ਆਨਲਾਈਨ ਐਕਟੀਵਿਟੀਜ਼ ਵੀ ਕਰਵਾ ਰਹੇ ਹਨ ਤੇ ਲੋੜ ਤੋਂ ਵੱਧ ਹੋਮ ਵਰਕ ਵੀ ਦੇ ਰਹੇ ਹਨ। ਕੇਂਦਰੀ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਰੋਜ਼ਾਨਾ ਲਾਈਵ ਜਮਾਤਾਂ ਵੇਲੇ ਸੁਝਾਏ ਗਏ ਸਕਰੀਨ ਟਾਈਮ ਤੋਂ ਵੱਧ ਨਾ ਪੜ੍ਹਾਇਆ ਜਾਵੇ। ਅਧਿਆਪਕਾਂ ਨੂੰ ਵੀ ਹਦਾਇਤਾਂ ਦੇਣ ਲਈ ਕਿਹਾ ਹੈ ਕਿ ਪਹਿਲੀ ਤੋਂ ਅੱਠਵੀਂ ਜਮਾਤ ਲਈ 30 ਤੋਂ 45 ਮਿੰਟ ਦੇ ਰੋਜ਼ਾਨਾ ਦੋ ਹੀ ਸੈਸ਼ਨ ਕਰਵਾਏ ਜਾਣ। ਨੌਵੀਂ ਤੋਂ ਬਾਰ੍ਹਵੀਂ ਜਮਾਤ ਲਈ 30 ਤੋਂ 45 ਮਿੰਟ ਦੇ ਰੋਜ਼ਾਨਾ ਚਾਰ ਸੈਸ਼ਨ ਤੋਂ ਵੱਧ ਨਾ ਪੜ੍ਹਾਇਆ ਜਾਵੇ।
ਰਿਵੀਜ਼ਨ ਕਰਵਾਉਣ ਲਈ ਵਧਣਗੀਆਂ ਸਮੱਸਿਆਵਾਂ
ਅਧਿਆਪਕਾਂ ਨੇ ਕਿਹਾ ਹੈ ਕਿ ਕੇਂਦਰ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦਾ ਸਿਲੇਬਸ ਵੀ ਪੂਰਾ ਨਹੀਂ ਹੋਵੇਗਾ। ਸੈਕਟਰ-37 ਦੇ ਸਕੂਲ ਦੇ ਅਧਿਆਪਕ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਦਾ ਟੀਚਾ ਹੁੰਦਾ ਹੈ ਕਿ ਨਵੰਬਰ ਤਕ ਸਾਰਾ ਸਿਲੇਬਸ ਇਕ ਵਾਰ ਕਵਰ ਕਰਵਾ ਦਿੱਤਾ ਜਾਵੇ ਪਰ ਸਮੇਂ ਦੀ ਕਟੌਤੀ ਕਰਨ ਨਾਲ ਕਈ ਹੋਰ ਸਮੱਸਿਆਵਾਂ ਸਾਹਮਣੇ ਆਉਣਗੀਆਂ। ਦੂਜੇ ਪਾਸੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਕਿਹਾ ਕਿ ਸਕਰੀਨ ਟਾਈਮ ਘਟਾਉਣ ਦੇ ਨਿਰਦੇਸ਼ਾਂ ਕਾਰਨ ਸਕਾਰਾਤਮਕ ਪ੍ਰਭਾਵ ਪੈਣਗੇ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਕੇਂਦਰ ਵੱਲੋਂ ਹੋਮ ਵਰਕ ਤੇ ਸਕਰੀਨ ਟਾਈਮ ਪਾਲਿਸੀ ਨੂੰ ਲਾਗੂ ਕਰਨ ਲਈ ਸਕੂਲਾਂ ਨੂੰ ਕਹਿ ਦਿੱਤਾ ਗਿਆ ਹੈ।