ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 20 ਜੁਲਾਈ
ਇਥੋਂ ਦੇ ਸਕੂਲਾਂ ਵਿਚ ਆਨਲਾਈਨ ਪੜ੍ਹਾਈ ਦੌਰਾਨ ਵਿਦਿਆਰਥਣਾਂ ਦੀ ਨਿੱਜਤਾ ਭੰਗ ਹੋ ਰਹੀ ਹੈ ਤੇ ਸ਼ਰਾਰਤੀ ਅਨਸਰ ਫੇਕ ਆਈਡੀਜ਼ ਬਣਾ ਕੇ ਜਮਾਤਾਂ ਲਗਾ ਰਹੇ ਹਨ ਅਤੇ ਜਮਾਤਾਂ ਦੌਰਾਨ ਗਾਲ੍ਹਾਂ ਕੱਢ ਕੇ ਤੇ ਇਤਰਾਜ਼ਯੋਗ ਸ਼ਬਦਾਵਲੀ ਲਿਖ ਕੇ ਵਿਘਨ ਪਾ ਰਹੇ ਹਨ। ਦੂਜੇ ਪਾਸੇ ਅਧਿਆਪਕਾਂ ਨੇ ਇਸ ਲਈ ਆਨਲਾਈਨ ਪੜ੍ਹਾਈ ਦੇ ਸਿਸਟਮ ਨੂੰ ਦੋਸ਼ੀ ਠਹਿਰਾਇਆ ਹੈ। ਇਸ ਸਬੰਧੀ ਸ਼ਿਕਾਇਤਾਂ ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਕੋਲ ਵੀ ਪੁੱਜੀਆਂ ਹਨ।
ਅਧਿਆਪਕ ਵਿਦਿਆਰਥੀਆਂ ਨੂੰ ਪਾਠਾਂ ਦੇ ਲਿੰਕ ਭੇਜਦੇ ਹਨ ਤੇ ਉਸ ਲਿੰਕ ’ਤੇ ਜਾ ਕੇ ਵਿਦਿਆਰਥੀ ਵਰਚੁਅਲ ਕਲਾਸ ਰੂਮ ਵਿੱਚ ਦਾਖ਼ਲ ਹੁੰਦੇ ਹਨ ਪਰ ਕਈ ਵਿਦਿਆਰਥੀ ਇਹ ਲਿੰਕ ਆਪਣੇ ਦੋਸਤਾਂ ਤੇ ਸ਼ਰਾਰਤੀ ਅਨਸਰਾਂ ਨੂੰ ਭੇਜ ਦਿੰਦੇ ਹਨ ਜੋ ਉਸੇ ਜਮਾਤ ਦੀਆਂ ਵਿਦਿਆਰਥਣਾਂ ਦੀ ਫੇਕ ਆਈਡੀ ਬਣਾ ਕੇ ਆਨਲਾਈਨ ਕਲਾਸ ਵਿੱਚ ਸ਼ਾਮਲ ਹੋ ਜਾਂਦੇ ਹਨ ਅਤੇ ਜਮਾਤਾਂ ਵਿੱਚ ਵਿਘਨ ਪਾਉਂਦੇ ਹਨ। ਅਧਿਆਪਕਾਂ ਨੇ ਦੱਸਿਆ ਕਿ ਵਿਦਿਆਰਥੀ ਉਨ੍ਹਾਂ ਦੇ ਬਲੈਕ ਬੋਰਡ ’ਤੇ ਕੀਤੇ ਕੰਮ ’ਤੇ ਕਾਂਟੇ ਮਾਰਦੇ ਹਨ ਤੇ ਗਲਤ ਫਿਕਰੇ ਲਿਖ ਕੇ ਤੰਗ ਕਰਦੇ ਹਨ। ਸਰਕਾਰੀ ਸਕੂਲ ਦੀ ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਸਕੂਲ ਦੀ ਅਧਿਆਪਕਾ ਦਾ ਫੋਨ ਆਇਆ ਕਿ ਉਸ ਦੀ ਬੱਚੀ ਨੇ ਜਮਾਤ ਵਿੱਚ ਵਿਘਨ ਪਾਇਆ ਹੈ ਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਪਰ ਜਦੋਂ ਉਨ੍ਹਾਂ ਨੇ ਮਾਮਲੇ ਦੀ ਘੋਖ ਕੀਤੀ ਤਾਂ ਪਤਾ ਲੱਗਿਆ ਕਿ ਬੀਤੇ ਦਿਨੀਂ ਉਸ ਦੀ ਬੱਚੀ ਨੇ ਜਮਾਤ ਲਗਾਈ ਹੀ ਨਹੀਂ ਸੀ। ਇਸ ਸਬੰਧੀ ਉਨ੍ਹਾਂ ਸਕੂਲ ਅਧਿਆਪਕ ਤੇ ਪ੍ਰਿੰਸੀਪਲ ਨੂੰ ਸ਼ਿਕਾਇਤ ਵੀ ਕੀਤੀ ਹੈ।
15 ਅਗਸਤ ਤੋਂ ਬੋਰਡ ਜਮਾਤਾਂ ਸ਼ੁਰੂ ਕਰਨ ਦੇ ਵੇਰਵੇ ਭੇਜੇ
ਯੂਟੀ ਨੇ ਅੱਜ ਐਮਐਚਆਰਡੀ ਨੂੰ ਸਿਰਫ 10ਵੀਂ ਤੇ 12ਵੀਂ ਦੀਆਂ ਜਮਾਤਾਂ 15 ਅਗਸਤ ਤੋਂ ਸ਼ੁਰੂ ਕਰਨ ਦੀ ਫੀਡਬੈਕ ਭੇਜੀ ਹੈ। ਕੇਂਦਰ ਨੇ ਸੂਬਿਆਂ ਨੂੰ ਪੁੱਛਿਆ ਸੀ ਕਿ ਉਹ ਅਗਸਤ, ਸਤੰਬਰ ਜਾਂ ਅਕਤੂਬਰ ਵਿਚੋਂ ਕਿਹੜੇ ਮਹੀਨੇ ਸਕੂਲ ਖੋਲ੍ਹ ਸਕਦੇ ਹਨ। ਯੂਟੀ ਨੇ ਕਿਹਾ ਹੈ ਕਿ ਉਹ ਸਕੂਲ ਖੋਲ੍ਹਣ ਲਈ ਤਿਆਰ ਹੈ ਪਰ ਇਸ ’ਤੇ ਚੰਡੀਗੜ੍ਹ ਦੇ ਸਿਹਤ ਮੰਤਰਾਲੇ ਤੇ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਤੋਂ ਬਾਅਦ ਹੀ ਫੈਸਲਾ ਕੀਤਾ ਜਾਵੇਗਾ।
ਗੂਗਲ ਮੀਟ ਤੇ ਜ਼ੂਮ ਐਪ ਸਬੰਧੀ ਸਮੱਸਿਆਵਾਂ
ਇੱਥੋਂ ਦੇ ਸਕੂਲਾਂ ਵਿੱਚ ਗੂਗਲ ਮੀਟ ਤੇ ਜ਼ੂਮ ਐਪ ਰਾਹੀਂ ਪੜ੍ਹਾਇਆ ਜਾ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਬੱਚੇ ਜਮਾਤ ਲਾਉਣ ਵੇਲੇ ਆਪਣੇ ਕੈਮਰੇ ਆਫ਼ ਕਰ ਲੈਂਦੇ ਹਨ ਤੇ ਅਧਿਆਪਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਲਾਸ ਕਿਹੜਾ ਬੱਚਾ ਲਗਾ ਰਿਹਾ ਹੈ। ਇੱਥੋਂ ਦੇ ਅਧਿਆਪਕਾਂ ਨੇ ਦੱਸਿਆ ਕਿ ਆਨਲਾਈਨ ਪੜ੍ਹਾਈ ਵਿਚ ਕਈ ਸਮੱਸਿਆਵਾਂ ਹਨ। ਜ਼ੂਮ ਐਪ ’ਤੇ ਪ੍ਰਾਈਵੇਟ ਚੈਟ ਦੀ ਆਪਸ਼ਨ ਹੈ ਠਤੇ ਕਈ ਬੱਚੇ ਜਮਾਤ ਵਿਚ ਪੜ੍ਹਨ ਦੀ ਥਾਂ ਪ੍ਰਾਈਵੇਟ ਚੈਟ ਕਰਦੇ ਹਨ ਤੇ ਮਾਪਿਆਂ ਨੂੰ ਇਸ ਬਾਰੇ ਪਤਾ ਨਹੀਂ ਲੱਗਦਾ ਜਦੋਂਕਿ ਗੂਗਲ ਮੀਟ ਵਿੱਚ ਚੈਟ ਜਨਤਕ ਹੋ ਜਾਂਦੀ ਹੈ।
ਸ਼ਿਕਾਇਤਾਂ ਦਾ ਹੱਲ ਕੀਤਾ ਜਾਵੇਗਾ: ਡਾਇਰੈਕਟਰ
ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲਾਂ ਵਿਚ ਵਿਦਿਆਰਥਣਾਂ ਦੀ ਨਿੱਜਤਾ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਪਰ ਜੇ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਚੰਡੀਗੜ੍ਹ ਤੇ ਪੰਚਕੂਲਾ ਦੇ ਸਕੂਲਾਂ ਵਿਚ ਨਿੱਜਤਾ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਸ ਬਾਰੇ ਉਹ ਭਲਕੇ ਸਿੱਖਿਆ ਸਕੱਤਰ ਨੂੰ ਸ਼ਿਕਾਇਤ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਹਦਾਇਤ ਕਰੇ ਕਿ ਜਿਹੜਾ ਬੱਚਾ ਕੈਮਰਾ ਬਦ ਕਰ ਕੇ ਜਮਾਤ ਲਾਵੇਗਾ ਉਸ ਨੂੰ ਆਨਲਾਈਨ ਕਲਾਸ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ।