ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 21 ਜਨਵਰੀ
ਇੱਥੋਂ ਦੇ ਕਾਨਵੈਂਟ ਸਕੂਲਾਂ ਵਿੱਚ ਐਂਟਰੀ ਲੈਵਲ ਜਮਾਤਾਂ ਵਿੱਚ ਦਾਖ਼ਲਿਆਂ ਲਈ ਡਰਾਅ ਕੱਢੇ ਗਏ। ਕਾਰਮਲ ਕਾਨਵੈਂਟ ਸੈਕਟਰ-9, ਸੈਕਰਡ ਹਾਰਟ ਸੈਕਟਰ-26, ਸੇਂਟ ਐਨੀਜ਼ ਸਕੂਲ ਸੈਕਟਰ-32 ਅਤੇ ਸੇਂਟ ਜੌਹਨਜ਼ ਸਕੂਲ ਸੈਕਟਰ-26 ਵਿੱਚ ਇਹ ਆਨਲਾਈਨ ਡਰਾਅ ਕੱਢੇ ਗਏ। ਸਕੂਲ ਪ੍ਰਬੰਧਕਾਂ ਵੱਲੋਂ ਮਾਪਿਆਂ ਨੂੰ ਆਨਲਾਈਨ ਡਰਾਅ ਦਾ ਲਿੰਕ ਭੇਜਿਆ ਗਿਆ। ਕਈ ਸਕੂਲਾਂ ਵਿਚ ਕੁਝ ਮਾਪਿਆਂ ਨੂੰ ਡਰਾਅ ਦੇਖਣ ਲਈ ਸੱਦਿਆ ਗਿਆ।
ਜ਼ਿਆਦਾਤਰ ਮਾਪਿਆਂ ਨੂੰ ਇੱਕ ਲਿੰਕ ਭੇਜਿਆ ਗਿਆ ਜਿੱਥੇ ਡਰਾਅ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਅਤੇ ਕੁਝ ਮਾਪਿਆਂ ਨੂੰ ਕੋਵਿਡ ਸਬੰਧੀ ਨੇਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਰਾਅ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ। ਸੇਕਰਡ ਹਾਰਟ ਸਕੂਲ ਵਿਚ 160 ਸੀਟਾਂ ਲਈ 1052 ਫਾਰਮ ਆਏ। ਕਾਰਮਲ ਕਾਨਵੈਂਟ ਸਕੂਲ ਵਿਚ 120 ਸੀਟਾਂ ਲਈ 908 ਫਾਰਮ ਆਏ। ਦੂਜੇ ਪਾਸੇ ਸੇਂਟ ਜੌਹਨਜ਼ ਸਕੂਲ ’ਚ 160 ਸੀਟਾਂ ਲਈ 659 ਫਾਰਮ ਆਏ ਸਨ ਜਦਕਿ ਦਾਖਲਾ ਸਿਰਫ਼ 133 ਨੂੰ ਹੀ ਮਿਲਿਆ। ਸੇਂਟ ਐਨੀਜ਼ ਲਈ 1673 ਅਰਜ਼ੀਆਂ ਆਈਆਂ ਸਨ ਜਦਕਿ ਸੀਟਾਂ ਸਿਰਫ਼ 200 ਹਨ। ਦੂਜੇ ਪਾਸੇ ਗੁਰੂਕੁਲ ਗਲੋਬਲ ਸਕੂਲ ਨੇ ਆਨਲਾਈਨ ਮੋਡ ਰਾਹੀਂ ਨਰਸਰੀ ਲਈ ਡਰਾਅ ਕੱਢਿਆ।
ਕਾਰਮਲ ਕਾਨਵੈਂਟ ਅਤੇ ਭਵਨ ਵਿਦਿਆਲਿਆ ਵਿਚ ਨਰਸਰੀ ਜਮਾਤ ਲਈ ਡਰਾਅ 22 ਜਨਵਰੀ ਨੂੰ ਕੱਢਿਆ ਜਾਵੇਗਾ। ਸੇਂਟ ਕਬੀਰ ਵਿਚ ਡਰਾਅ 15 ਜਨਵਰੀ ਨੂੰ ਹੋਣਾ ਸੀ ਪਰ ਇਹ ਹੁਣ 28 ਜਨਵਰੀ ਨੂੰ ਹੋਵੇਗਾ। ਸਕੂਲ ਨੂੰ ਨਰਸਰੀ ਦੇ ਦਾਖਲੇ ਲਈ 54 ਸੀਟਾਂ ਦੇ ਮੁਕਾਬਲੇ 124 ਅਰਜ਼ੀਆਂ ਪ੍ਰਾਪਤ ਹੋਈਆਂ।