ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 14 ਸਤੰਬਰ
ਆਨਲਾਈਨ ਠੱਗੀ ਦਾ ਸ਼ਿਕਾਰ ਹੋਏ ਪਿੰਡ ਮੱਕੜਾਂ ਦੇ ਨੌਜਵਾਨ ਗੁਰਪ੍ਰੀਤ ਸਿੰਘ (29) ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਉਹ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ ਅਤੇ ਪਤਨੀ ਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਮੁਲਜ਼ਮ ਨੌਜਵਾਨ ਦੀ ਮੌਤ ਤੋਂ ਬਾਅਦ ਵੀ ਰਿਸ਼ਤੇਦਾਰਾਂ ਤੋਂ ਪੈਸੇ ਮੰਗ ਰਹੇ ਹਨ ਜਦੋਂਕਿ ਇਸ ਤੋਂ ਪਹਿਲਾਂ ਉਹ ਗੁਰਪ੍ਰੀਤ ਨੂੰ ਡਰਾ-ਧਮਕਾ ਕੇ ਕਾਫ਼ੀ ਪੈਸੇ ਵਸੂਲ ਚੁੱਕੇ ਹਨ।
ਮ੍ਰਿਤਕ ਦੀ ਭੈਣ ਹਰਦੀਪ ਕੌਰ ਸੋਨੀ ਅਤੇ ਭੂਆ ਦੇ ਲੜਕੇ ਕਰਮਜੀਤ ਸਿੰਘ ਚੁੰਨੀ ਨੇ ਦੱਸਿਆ ਕਿ ਬੀਤੀ ਪਹਿਲੀ ਸਤੰਬਰ ਨੂੰ ਗੁਰਪ੍ਰੀਤ ਸਿੰਘ ਸਵੇਰੇ ਕਰੀਬ 8 ਵਜੇ ਘਰੋਂ ਕੰਮ ’ਤੇ ਗਿਆ ਸੀ ਅਤੇ ਮਹਿਲਾ ਸਟਾਫ਼ ਨੂੰ ਦਫ਼ਤਰ ਛੱਡਣ ਮਗਰੋਂ ਉੱਥੋਂ ਚਲਾ ਗਿਆ, ਪਰ ਵਾਪਸ ਨਹੀਂ ਆਇਆ। ਸ਼ਾਮ ਨੂੰ ਪਰਿਵਾਰ ਵੱਲੋਂ ਮਜਾਤ ਪੁਲੀਸ ਚੌਕੀ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਪਰ ਬਾਅਦ ਵਿੱਚ ਬੂਰਮਾਜਰਾ ਭਾਖੜਾ ਨਹਿਰ ਲਾਗੇ ਝਾੜੀਆਂ ’ਚੋਂ ਜੁੱਤੀਆਂ ਅਤੇ ਵਰਨਾ ਕਾਰ ਬਰਾਮਦ ਹੋਈ। ਮ੍ਰਿਤਕ ਦੀ ਭੈਣ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪੁਲੀਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ। ਬੀਤੀ 5 ਸਤੰਬਰ ਨੂੰ ਫ਼ਤਿਆਬਾਦ ਨੇੜਿਓਂ ਨਹਿਰ ਵਿੱਚੋਂ ਲਾਸ਼ ਬਰਾਮਦ ਹੋਈ ਸੀ।
ਇਸ ਦੌਰਾਨ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਵਿੱਤੀ ਮਦਦ ਦਿੱਤੀ ਜਾਵੇ ਅਤੇ ਮਾਸੂਮ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਵੇ।
ਗਰੋਹ ਦੀ ਪੈੜ ਨੱਪਣ ਲਈ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ: ਐੱਸਐੱਚਓ
ਮਜਾਤ ਪੁਲੀਸ ਚੌਕੀ ਦੇ ਐੱਸਐੱਚਓ ਕੇਵਲ ਤਨੇਜਾ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਅੱਜ ਪ੍ਰਾਈਵੇਟ ਕੰਪਨੀ ਦੇ ਅਧਿਕਾਰੀ ਸਮੇਤ ਦਫ਼ਤਰੀ ਸਟਾਫ਼ ਦੇ ਬਿਆਨ ਕਲਮਬੱਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਠੱਗੀ ਮਾਰਨ ਵਾਲੇ ਗਰੋਹ ਦੀ ਪੈੜ ਨੱਪਣ ਲਈ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਚੰਡੀਗੜ੍ਹ ਪੁਲੀਸ ਵੱਲੋਂ ਕਾਬੂ ਕੀਤੇ ਆਨਲਾਈਨ ਠੱਗੀ ਮਾਰਨ ਵਾਲੇ ਗਰੋਹ ਦੇ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।