ਮੁਕੇਸ਼ ਕੁਮਾਰ
ਚੰਡੀਗੜ੍ਹ, 8 ਅਕਤੂਬਰ
ਇਸ ਵਾਰ ਚੰਡੀਗੜ੍ਹ ਵਿੱਚ ਦੀਵਾਲੀ ਮੌਕੇ ਆਰਜ਼ੀ ਸਟਾਲ ਲਗਾਉਣ ਲਈ ਆਨਲਾਈਨ ਬੁਕਿੰਗ ਕਰਵਾਉਣੀ ਲਾਜ਼ਮੀ ਹੋਵੇਗੀ। ਇਸ ਮਗਰੋਂ ਹੀ ਮਨਜ਼ੂਰੀ ਮਿਲੇਗੀ। ਇਹ ਫੈਸਲਾ ਚੰਡੀਗੜ੍ਹ ਨਗਰ ਨਿਗਮ ਪ੍ਰਸ਼ਾਸਨ ਨੇ ਕੀਤਾ ਹੈ।
ਇਸ ਸਬੰਧੀ ਨਗਰ ਨਿਗਮ ਵੱਲੋਂ ‘ਆਈਐੱਮ ਚੰਡੀਗੜ੍ਹ’ ਐਪ ਤਿਆਰ ਕੀਤੀ ਗਈ ਹੈ ਜਿਸ ਨੂੰ ਲੋਕ ਦੀਵਾਲੀ ਮੌਕੇ ਆਰਜ਼ੀ ਸਟਾਲ ਲਗਾਉਣ ਲਈ ਡਾਊਨਲੋਡ ਕਰ ਕੇ ਸਟਾਲ ਲਗਾਉਣ ਲਈ ਪ੍ਰਵਾਨਗੀ ਲੈ ਸਕਦੇ ਹਨ। ਇਸ ਦੇ ਨਾਲ ਹੀ ਨਿਗਮ ਵੱਲੋਂ ਸ਼ਹਿਰ ਦੇ ਵਪਾਰੀਆਂ ਤੇ ਵੈਂਡਰਾਂ ਨੂੰ ਦੀਵਾਲੀ ਮੌਕੇ ਇੱਥੇ ਸੈਕਟਰ-17 ਪਲਾਜ਼ਾ ਵਿੱਚ ਆਰਜ਼ੀ ਸਟਾਲ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਗਰ ਨਿਗਮ ਅਨੁਸਾਰ ਸੈਕਟਰ-17 ਨੂੰ ‘ਨੋ ਵੈਂਡਿੰਗ ਜ਼ੋਨ’ ਐਲਾਨਿਆ ਗਿਆ ਹੈ, ਇਸ ਲਈ ਦੀਵਾਲੀ ’ਤੇ ‘ਨੋ ਵੈਂਡਿੰਗ ਜ਼ੋਨ’ ਐਲਾਨੇ ਗਏ ਸੈਕਟਰਾਂ ਵਿੱਚ ਸਟਾਲ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਗਰ ਨਿਗਮ ਦੇ ਇਸ ਫੈਸਲੇ ਤਹਿਤ ਸੈਕਟਰ-1 ਤੋਂ 6, ਸੈਕਟਰ-17 ਅਤੇ ਸੈਕਟਰ-22 ਸੀ ਅਤੇ ਡੀ ਵਿੱਚ ਸਟਾਲ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਦੇ ਵੀ-1 ਅਤੇ ਵੀ-2 ਸਾਈਕਲ ਟਰੈਕਾਂ, ਫੁੱਟਪਾਥਾਂ ਅਤੇ ਪਾਰਕਿੰਗ ਸਥਾਨਾਂ ’ਤੇ ਕਿਸੇ ਨੂੰ ਵੀ ਸਟਾਲ ਲਗਾਉਣ ਅਤੇ ਦੁਕਾਨਾਂ ਸਜਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੂਜੇ ਪਾਸੇ ਨਗਰ ਨਿਗਮ ਵੱਲੋਂ ਸੈਕਟਰ 17 ਵਿੱਚ ਸਟਾਲ ਦੀ ਮਨਜ਼ੂਰੀ ਨਾ ਦਿੱਤੇ ਜਾਣ ਕਾਰਨ ਮਾਰਕੀਟ ਦੇ ਵਪਾਰੀਆਂ ਵਿੱਚ ਰੋਸ ਹੈ।
ਸੈਕਟਰ ਦੇ ਵਪਾਰੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਜਲਦੀ ਹੀ ਮੇਅਰ ਸਰਬਜੀਤ ਕੌਰ ਅਤੇ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨੂੰ ਮਿਲਣਗੇ। ਸੈਕਟਰ-17 ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਚੰਡੀਗੜ੍ਹ ਵਪਾਰ ਮੰਡਲ ਦੇ ਜਨਰਲ ਸਕੱਤਰ ਸੰਜੀਵ ਚੱਢਾ ਦਾ ਕਹਿਣਾ ਹੈ ਕਿ ਨਗਰ ਨਿਗਮ ਵੱਲੋਂ ਹਰ ਸਾਲ ਇੱਥੇ ਸੈਕਟਰ-17 ਦੇ ਵਪਾਰੀਆਂ ਨੂੰ ਸਟਾਲ ਲਾਉਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੇ ਮਾਰਕੀਟ ਵਿੱਚ ਬਾਹਰੀ ਵੈਂਡਰਾਂ ਨੂੰ ਸਟਾਲ ਲਗਾਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ, ਪਰ ਇੱਥੇ ਦੀ ਮਾਰਕੀਟ ਦੇ ਵਪਾਰੀਆਂ ਨੂੰ ਆਪਣੀ ਦੁਕਾਨ ਦੇ ਬਾਹਰ ਸਟਾਲ ਲਗਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੈਕਟਰ-17 ਸ਼ਹਿਰ ਦਾ ਦਿਲ ਹੈ ਅਤੇ ਇਸ ਨੂੰ ਵੀ ਹੋਰ ਬਾਜ਼ਾਰਾਂ ਵਾਂਗ ਹੀ ਸਮਝਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਦਲੀਲ ਦਿੱਤੀ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੈਕਟਰ-17 ਨੂੰ ‘ਨੋ ਵੈਂਡਿੰਗ ਜ਼ੋਨ’ ਐਲਾਨਿਆ ਹੋਇਆ ਹੈ, ਪਰ ਇੱਥੋਂ ਦੇ ਵਪਾਰੀ ਤੇ ਦੁਕਾਨਦਾਰ ਵੈਂਡਰ ਨਹੀਂ ਹਨ। ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਾਲ ਵੀ ਸੈਕਟਰ 17 ਦੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਆਪਣੀ ਦੁਕਾਨ ਦੇ ਮੂਹਰੇ ਸਟਾਲ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਦਸਹਿਰੇ ਅਤੇ ਦੀਵਾਲੀ ਤੋਂ ਤਿੰਨ ਦਿਨ ਪਹਿਲਾਂ ਪੂਰੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਆਰਜ਼ੀ ਸਟਾਲ ਲਗਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸੋਮਵਾਰ ਨੂੰ ਮੇਅਰ ਨਾਲ ਮੁਲਾਕਾਤ ਕੀਤੀ ਜਾਵੇਗੀ। ਤਿਉਹਾਰੀ ਸੀਜਨ ਦੌਰਾਨ ਇਨ੍ਹਾਂ ਆਰਜ਼ੀ ਸਟਾਲਾਂ ਦੀ ਬੁਕਿੰਗ ਤੋਂ ਨਗਰ ਨਿਗਮ ਨੂੰ ਹਰ ਸਾਲ ਲਗਪਗ ਇੱਕ ਕਰੋੜ ਰੁਪਏ ਤੋਂ ਵੱਧ ਦੀ ਆਮਦਨ ਹੁੰਦੀ ਹੈ।