ਪੱਤਰ ਪ੍ਰੇਰਕ
ਚੰਡੀਗੜ੍ਹ, 29 ਸਤੰਬਰ
ਚੰਡੀਗੜ੍ਹ ਦੇ ਇੰਜਨੀਅਰਿੰਗ ਕਾਲਜਾਂ ਵਿੱਚ ਦਾਖਲਿਆਂ ਲਈ ਆਨਲਾਈਨ ਪ੍ਰਕਿਰਿਆ ਭਲਕੇ 30 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਜੁਆਇੰਟ ਐਡਮਿਸ਼ਨ ਕਮੇਟੀ ਚੰਡੀਗੜ੍ਹ ਵੱਲੋਂ ਯੂ.ਟੀ. ਚੰਡੀਗੜ੍ਹ ਦੇ ਵੱਖ-ਵੱਖ ਇੰਜਨੀਅਰਿੰਗ ਕਾਲਜਾਂ ਵਿੱਚ ਅਕਾਦਮਿਕ ਸੈਸ਼ਨ 2021-22 ਲਈ ਬੈਚੁਲਰ ਆਫ਼ ਆਰਕੀਟੈਕਚਰ ਅਤੇ ਬੀ.ਈ. (ਕੈਮੀਕਲ) ਦੇ ਇੰਟੀਗ੍ਰੇਟਿਡ ਅਤੇ ਐਮ.ਬੀ.ਏ. ਕੋਰਸਾਂ ਲਈ ਦਾਖਲੇ ਕੀਤੇ ਜਾਣਗੇ।
ਦੂਸਰੇ ਸੂਬਿਆਂ ਦੀ ਤਰ੍ਹਾਂ ਚੰਡੀਗੜ੍ਹ ਵਿੱਚ ਵੀ ਜੇ.ਈ.ਈ. ਮੇਨ ਸਕੋਰ ਨੂੰ ਅਧਾਰ ਮੰਨਿਆ ਜਾਵੇਗਾ। ਇਨ੍ਹਾਂ ਕਾਲਜਾਂ ਵਿੱਚ ਡਾ. ਐਸ.ਐਸ.ਬੀ. ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੈਮੀਕਲ ਇੰਜਨੀਅਰਿੰਗ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜਨੀਅਰਿੰਗ ਤੇ ਟੈਕਨਾਲੋਜੀ ਪੰਜਾਬ ਯੂਨੀਵਰਸਿਟੀ ਕੈਂਪਸ, ਹੁਸ਼ਿਆਰਪੁਰ ਸਥਿਤ ਪੀ.ਯੂ. ਦੇ ਰਿਜਨਲ ਸੈਂਟਰ, ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ ਸ਼ਾਮਲ ਹਨ। ਜੁਆਇੰਟ ਐਡਮਿਸ਼ਨ ਕਮੇਟੀ ਚੰਡੀਗੜ੍ਹ ਦੇ ਚੇਅਰਪਰਸਨ ਪ੍ਰੋ. ਅੰਮ੍ਰਿਤ ਪਾਲ ਤੂਰ ਨੇ ਦੱਸਿਆ ਕਿ ਦਾਖਲਿਆਂ ਲਈ ਆਨਲਾਈਨ ਕਾਉਂਸਲਿੰਗ ਦੇ ਤਿੰਨ ਦੌਰ ਹੋਣਗੇ ਜਿਸ ਉਪਰੰਤ ਸਪੌਡ ਰਾਉਂਡ ਹੋਵੇਗਾ। ਉਮੀਦਵਾਰਾਂ ਨੂੰ ‘‘ਚੰਡੀਗੜ੍ਹ ਐਡਮਿਸ਼ਨਜ਼ ਡਾਟ ਇਨ’’ ਵੈਬਸਾਈਟ ਉਤੇ ਆਨਲਾਈਨ ਰਜਿਸਟਰਡ ਕਰਨਾ ਪਵੇਗਾ ਅਤੇ ਰਜਿਸਟਰੇਸ਼ਨ ਫੀਸ ਵੀ ਜਮ੍ਹਾਂ ਕਰਵਾਉਣੀ ਹੋਵੇਗੀ ਜੋ ਕਿ ਵਾਪਿਸ ਮੋੜਨਯੋਗ ਹੋਵੇਗੀ। ਅਰਜ਼ੀ ਦੇ ਨਾਲ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ।