ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਗਸਤ
ਇੱਥੋਂ ਦੇ ਸੈਕਟਰ-17 ਬੱਸ ਅੱਡੇ ’ਤੇ ਬੱਸ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਸਬੰਧੀ ਸੈਕਟਰ-17 ਦੀ ਪੁਲੀਸ ਨੇ ਬੱਸ ਚਾਲਕ ਸੁਖਵਿੰਦਰ ਕੁਮਾਰ ਵਾਸੀ ਰੋਪੜ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਅਕਤੀ ਸੈਕਟਰ-17 ਬੱਸ ਅੱਡੇ ’ਤੇ ਕਾਊਂਟਰ ਨੰਬਰ-13 ਦੇ ਨੇੜਿਉਂ ਗੁਜ਼ਰ ਰਿਹਾ ਸੀ ਕਿ ਬੱਸ ਵਾਲੇ ਨੇ ਫੇਟ ਮਾਰ ਦਿੱਤੀ। ਬੱਸ ਹੇਠਾਂ ਆਉਣ ਕਰਕੇ ਉਕਤ ਵਿਅਕਤੀ ਦੇ ਕਾਫੀ ਸੱਟਾਂ ਵੱਜੀਆਂ ਅਤੇ ਉਸ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਕਰਾਰ ਦਿੱਤਾ ਹੈ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮ੍ਰਿਤਕ ਘਰ ਵਿੱਚ ਰੱਖ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਰ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
ਬਨੂੜ (ਪੱਤਰ ਪ੍ਰੇਰਕ): ਇੱਥੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਜੰਗਪੁਰਾ ਨੇੜੇ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਤੁਰੰਤ ਗਿਆਨ ਸਾਗਰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੇ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਜਗਦੀਪ ਸਿੰਘ ਵਾਸੀ ਕੁੜਾਂਵਾਲਾ, ਥਾਣਾ ਡੇਰਾਬੱਸੀ ਵਜੋਂ ਹੋਈ। ਪੁਲੀਸ ਨੇ ਮ੍ਰਿਤਕ ਦੇ ਪੁੱਤਰ ਭੁਪਿੰਦਰ ਸਿੰਘ ਦੇ ਬਿਆਨਾਂ ਉੱਤੇ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਮ੍ਰਿਤਕ ਦਾ ਪੋਸਟ ਮਾਰਟਮ ਕਰਾਉਣ ਮਗਰੋਂ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ।