ਹਰਜੀਤ ਸਿੰਘ
ਜ਼ੀਰਕਪੁਰ, 26 ਜੁਲਾਈ
ਇਥੋਂ ਦੇ ਢਕੋਲੀ ਖੇਤਰ ਵਿੱਚ ਲੰਘੀ ਰਾਤ ਪੰਚਕੂਲਾ ਸੜਕ ’ਤੇ ਇਕ ਟਾਟਾ ਸਫਾਰੀ ਦੀ ਟੱਕਰ ਦੌਰਾਨ ਐਕਟਿਵਾ ਸਵਾਰ ਦੀ ਮੌਤ ਹੋ ਗਈ ਜਦੋਂਕਿ ਹਾਦਸੇ ਦੌਰਾਨ ਇਕ ਹੋਰ ਰੇਹੜੀ ਚਾਲਕ ਜ਼ਖ਼ਮੀ ਹੋ ਗਿਆ। ਜ਼ਖ਼ਮੀ ਰੇਹੜੀ ਚਾਲਕ ਦਾ ਪੰਚਕੂਲਾ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਅਣਪਛਾਤੇ ਟਾਟਾ ਸਫਾਰੀ ਚਾਲਕ ਖ਼ਿਲਾਫ਼ ਕੇਸ ਦਰਜ ਕਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 48 ਸਾਲਾ ਦੇ ਗੰਗਾ ਰਾਮ ਸਾਹੂ ਦੇ ਤੌਰ ’ਤੇ ਹੋਈ ਹੈ। ਕੈਲਾਸ਼ ਸਾਹੂ ਵਾਸੀ ਬਲਟਾਣਾ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਗੰਗਾ ਰਾਮ ਸਾਹੂ ਵਾਸੀ ਭਾਰਤ ਐਨਕਲੇਵ ਜੋ ਦਿਨ ਵੇਲੇ ਬਲਟਾਣਾ ਵਿੱਚ ਇਕ ਕਨਫੈਕਸ਼ਨਰੀ ਦੀ ਦੁਕਾਨ ’ਤੇ ਤੇ ਰਾਤ ਨੂੰ ਪੰਚਕੂਲਾ ਬਤੌਰ ਸੁਰੱਖਿਆ ਗਾਰਡ ਕੰਮ ਕਰਦਾ ਸੀ। ਲੰਘੀ ਰਾਤ ਉਹ ਕਰੀਬ ਦਸ ਵਜੇ ਐਕਟਿਵਾ ’ਤੇ ਡਿਊਟੀ ’ਤੇ ਪੰਚਕੂਲਾ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਜ਼ੀਰਕਪੁਰ-ਪੰਚਕੂਲਾ ਰੇਲਵੇ ਓਵਰਬ੍ਰਿਜ਼ ’ਤੇ ਪਹੁੰਚਿਆ ਤਾਂ ਪਿੱਛੋਂ ਆ ਰਹੀ ਇਕ ਕਾਰ ਨੇ ਐਕਟਿਵਾ ਵਿੱਚ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਉਸਦਾ ਭਰਾ ਸੜਕ ’ਤੇ ਡਿੱਗ ਗਿਆ। ਗੱਡੀ ਦੀ ਸਪੀਡ ਐਨੀ ਤੇਜ਼ ਸੀ ਕਿ ਉਹ ਉਸਦੇ ਭਰਾ ਦੇ ਐਕਟਿਵਾ ਨੂੰ ਨਾਲ ਘੜੀਸਦੀ ਲੈ ਗਈ। ਐਕਟਿਵਾ ਦੀ ਟੱਕਰ ਅੱਗੇ ਜਾ ਰਹੀ ਇਕ ਰੇਹੜੀ ਨਾਲ ਹੋਈ। ਹਾਦਸੇ ਵਿੱਚ ਉਸਦੇ ਭਰਾ ਤੇ ਰੇਹੜੀ ਚਾਲਕ ਛੋਟੂ ਰਾਮ ਵਾਸੀ ਪੰਚਕੂਲਾ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪੰਚਕੂਲਾ ਦੇ ਸੈਕਟਰ 6 ਸਥਿਤ ਸਿਵਲ ਹਸਪਤਾਲ ਲੈ ਗਏ। ਉਥੇ ਉਸਦੇ ਭਰਾ ਦੀ ਮੌਤ ਹੋ ਗਈ ਜਦੋਂਕਿ ਰੇਹੜੀ ਚਾਲਕ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੇ ਭਰਾ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਕਿ ਇਹ ਹਾਦਸਾ ਕਾਰ ਚਾਲਕ ਦੀ ਅਣਗਹਿਲੀ ਕਾਰਨ ਹੋਇਆ ਹੈ।
ਖਰੜ (ਪੱਤਰ ਪ੍ਰੇਰਕ) ਬੀਤੇ ਦਿਨੀ ਪਿੰਡ ਘੜੂੰਆਂ ਕੋਲ ਹੋਏ ਸੜਕ ਹਾਦਸੇ ਵਿੱਚ ਘੜੂੰਆਂ ਦੇ ਵਸਨੀਕ ਜਸਬੀਰ ਸਿੰਘ ਗਿੱਲ ਦੀ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਪੁੱਤਰ ਇੰਦਰਪ੍ਰੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਬੀਤੇ ਦਿਨ ਉਸ ਦੇ ਪਿਤਾ ਟੌਲ-ਪਲਾਜ਼ਾ ਪਿੰਡ ਭਾਗੋਮਾਜਰਾ ਵਿੱਚ ਕਿਸਾਨਾਂ ਵੱਲੋਂ ਜੋ ਸੰਘਰਸ਼ ਕੀਤਾ ਜਾ ਰਿਹਾ ਹੈ, ਨੂੰ ਸਕੂਟਰ ਤੇ’ ਜਾ ਰਹੇ ਸੀ ਤਾਂ ਘੜੂੰਆਂ ਤੋਂ ਆਈ ਕਾਰ ਨੰਬਰ ਪੀਬੀ 10 ਐਫਸੀ 7619 ਦੇ ਡਰਾਈਵਰ ਨੇ ਉਨ੍ਹਾਂ ਨੂੰ ਟਕਰ ਮਾਰੀ। ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ ਜਿਥੋਂ ਉਨ੍ਹਾਂ ਨੂੰ ਪੀਜੀਆਈ ਭੇਜ ਦਿੱਤਾ ਗਿਆ। ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।