ਪੱਤਰ ਪ੍ਰੇਰਕ
ਪੰਚਕੂਲਾ, 18 ਅਪਰੈਲ
ਮੋਰਨੀ-ਰਾਏਪੁਰਰਾਣੀ ਸੜਕ ’ਤੇ ਇੱਕ ਕਾਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇੱਕ ਪਰਿਵਾਰ ਸਮਲੋਠਾ ਦੇਵੀ ਮੰਦਰ ਵਿੱਚ ਮੱਥਾ ਟੇਕਣ ਮਗਰੋਂ ਵਾਪਸ ਜਾ ਰਿਹਾ ਸੀ। ਮੋਰਨੀ ਰਾਏਪੁਰਰਾਣੀ ਸੜਕ ’ਤੇ ਪੀਰ ਬਾਬੇ ਦੀ ਦਰਗਾਹ ਨੇੜੇ ਮਹਿੰਦਰਾ ਐਕਸਯੂਵੀ ਕਾਰ 30 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਗੱਡੀ ਚਲਾ ਰਹੇ ਨਵਨੀਤ ਸ਼ਰਮਾ ਦੀ ਮੌਤ ਹੋ ਗਈ, ਜਦਕਿ ਨਵਨੀਤ ਦੀ ਪਤਨੀ, ਮਾਂ ਅਤੇ ਦੋ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਇਹ ਕਾਰ ਢਲਾਨ ਉੱਤੇ ਹੈਂਡ ਬ੍ਰੇਕ ਦੇ ਸਹਾਰੇ ਖੜ੍ਹੀ ਸੀ। ਢਲਾਨ ਹੋਣ ਕਾਰਨ ਕਾਰ ਖਾਈ ਵੱਲ ਰਿੜ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਨਵਨੀਤ ਨੂੰ ਮ੍ਰਿਤਕ ਐਲਾਨ ਦਿੱਤਾ।